ਅਕਾਲੀ ਆਗੂ ਦੇ ਪਰਿਵਾਰ ਦੀ ਕਰਤੂਤ ਜਾਣ ਰਹਿ ਜਾਓਗੇ ਦੰਗ, ਦਿਓਰ ਨੇ ਪਤੀ ਦੇ ਸਾਹਮਣੇ ਭਾਬੀ ਦੇ ਕੱਪੜੇ ਕੀਤੇ ਲੀਰੋ-ਲੀਰ

08/17/2017 7:14:11 PM

ਲਾਂਬੜਾ(ਵਰਿੰਦਰ)— ਇਕ ਵਿਆਹੁਤਾ ਵੱਲੋਂ ਆਪਣੇ ਸਹੁਰਾ ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੈ, ਸਮੇਤ 8 ਰਿਸ਼ਤੇਦਾਰਾਂ 'ਤੇ ਉਸ ਨਾਲ ਕੁੱਟਮਾਰ ਕਰਨ, ਬੰਦੀ ਬਣਾਉਣ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਸੰਬੰਧੀ ਸਥਾਨਕ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ 'ਤੇ ਪੁਲਸ ਨੇ ਸਾਰੇ ਮੁਲਜ਼ਮਾਂ 'ਤੇ ਕੇਸ ਦਰਜ ਕਰ ਦਿੱਤਾ ਹੈ। ਕੇਸ ਵਿਚ ਨਾਮਜ਼ਦ ਵਿਆਹੁਤਾ ਦਾ ਸਹੁਰਾ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੈ, ਪਤੀ ਅਤੇ ਦਿਓਰ ਅਕਾਲੀ ਦਲ ਦੇ ਆਗੂ ਦੱਸੇ ਜਾਂਦੇ ਹਨ। ਸਾਰੇ ਮੁਲਜ਼ਮ ਅਜੇ ਫਰਾਰ ਦੱਸੇ ਗਏ ਹਨ।
ਜਾਣਕਾਰੀ ਅਨੁਸਾਰ ਲਵਲੀਨ ਕੌਰ ਪੁੱਤਰੀ ਗੁਰਸ਼ਰਨ ਸਿੰਘ ਵਾਸੀ ਗੋਪਾਲ ਨਗਰ ਜਲੰਧਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ 5 ਜੂਨ 2016 ਨੂੰ ਉਸ ਦਾ ਵਿਆਹ ਜਗਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਠੇਕੇਦਾਰ ਵਾਸੀ ਟਾਵਰ ਇਨਕਲੇਵ ਜਲੰਧਰ ਨਾਲ ਹੋਇਆ ਸੀ। ਬਾਅਦ ਵਿਚ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨਾਲ ਲੜਾਈ ਝਗੜਾ ਕਰਨ ਲੱਗ ਪਏ। ਇਸ ਸੰਬੰਧੀ ਕਈ ਵਾਰ ਪੰਚਾਇਤੀ ਤੌਰ 'ਤੇ ਮੂੰਹ ਜ਼ੁਬਾਨੀ ਰਾਜ਼ੀਨਾਮਾ ਵੀ ਹੋਇਆ। ਬੀਤੀ 13 ਅਗਸਤ ਨੂੰ ਸਵੇਰੇ ਕਰੀਬ 8 ਵਜੇ ਆਪਣੇ ਪਤੀ ਨਾਲ ਕਮਰੇ ਵਿਚ ਸੀ ਤਾਂ ਉਸ ਦਾ ਦਿਓਰ ਬੀਰ ਦਵਿੰਦਰ ਸਿੰਘ ਉਰਫ ਮਨੀ ਉਨ੍ਹਾਂ ਦੇ ਕਮਰੇ ਵਿਚ ਆਇਆ ਉਸ ਨੇ ਮੇਰੇ ਪਤੀ ਨਾਲ ਮਿਲ ਕੇ ਦੋਹਾਂ ਨੇ ਉਸ ਦੀ ਭਾਰੀ ਕੁੱਟਮਾਰ ਕਰ ਦਿੱਤੀ। ਵਿਆਹੁਤਾ ਲਵਲੀਨ ਨੇ ਦੋਸ਼ ਲਾਇਆ ਕਿ ਉਸ ਦੇ ਦਿਓਰ ਦਵਿੰਦਰ ਸਿੰਘ ਨੇ ਉਸ ਦੇ ਪਤੀ ਦੇ ਸਾਹਮਣੇ ਉਸ ਦੀ ਕਮੀਜ਼ ਪਾੜ ਦਿੱਤੀ ਅਤੇ ਉਸ ਨਾਲ ਕਈ ਅਸ਼ਲੀਲ ਹਰਕਤਾਂ ਵੀ ਕੀਤੀਆਂ। ਉਸ ਨੇ ਰੌਲਾ ਪਾਇਆ ਤਾਂ ਉਸ ਦੀ ਮਾਸੀ ਸੱਸ ਸੋਨੀਆ, ਮਾਸੜ ਸਹੁਰਾ ਅਮਰਜੀਤ, ਮਾਮਾ ਸਹੁਰਾ ਟਿੰਕੂ ਅਤੇ ਮਾਮੀ ਸੱਸ ਨੇਹਾ ਉਥੇ ਆ ਗਏ। ਇਨ੍ਹਾਂ ਸਾਰਿਆਂ ਨੇ ਵੀ ਉਸ ਨਾਲ ਕੁੱਟਮਾਰ ਕਰ ਦਿੱਤੀ। ਵਿਆਹੁਤਾ ਅਨੁਸਾਰ ਬਾਅਦ ਵਿਚ ਬਾਥਰੂਮ ਗਈ ਤਾਂ ਉਥੇ ਉਸ ਦਾ ਪਤੀ ਪਹੁੰਚ ਗਿਆ ਅਤੇ ਉਸ ਨੇ ਉਸ ਦੇ ਦਿਓਰ ਬੀਰ ਦਵਿੰਦਰ ਸਿੰਘ ਨੂੰ ਉਸ ਦੀ ਗੰਦੀ ਫਿਲਮ ਬਣਾਉਣ ਨੂੰ ਕਿਹਾ। 
ਵਿਆਹੁਤਾ ਲਵਲੀਨ ਨੇ ਅੱਗੇ ਜਾਣਕਾਰੀ ਦਿੱਤੀ ਕਿ ਜਦ ਉਹ ਬਾਥਰੂਮ 'ਚੋਂ ਬਾਹਰ ਆ ਗਈ ਤਾਂ ਉਸ ਦੇ ਸਹੁਰਾ ਹਰਜਿੰਦਰ ਸਿੰਘ ਠੇਕੇਦਾਰ ਅਤੇ ਸੱਸ ਹਰਜੀਤ ਕੌਰ ਦੀ ਸਹਿਮਤੀ ਨਾਲ ਉਸ ਨੂੰ ਇਕ ਕਮਰੇ ਵਿਚ ਲਗਾਤਾਰ ਕਈ ਘੰਟੇ ਬੰਦੀ ਬਣਾਈ ਰੱਖਿਆ। ਰਾਤ ਕਰੀਬ 8 ਵਜੇ ਉਸ ਦਾ ਕਮਰਾ ਖੋਲ੍ਹਿਆ ਅਤੇ ਇਕ ਕਾਰ ਰਾਹੀਂ ਉਸ ਦੇ ਪੇਕੇ ਘਰ ਅੱਗੇ ਉਸ ਨੂੰ ਕਈ ਧਮਕੀਆਂ ਦੇ ਕੇ ਛੱਡ ਗਏ। ਵਿਆਹੁਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਤੋਂ ਪਹਿਲਾਂ ਵੀ ਦੋ ਵਿਆਹ ਕੀਤੇ ਹੋਏ ਸਨ। ਵਿਆਹੁਤਾ ਦਾ ਇਹ ਵੀ ਦੋਸ਼ ਹੈ ਕਿ ਜੋ ਹਰਕਤਾਂ ਉਸ ਨਾਲ ਹੋਈਆਂ ਹਨ ਉਹ ਸਭ ਉਸ ਦੀ ਦਰਾਣੀ ਪਵਨੀਤ ਨਾਲ ਵੀ ਹੋਈਆਂ ਹਨ। ਇਸ ਸੰਬੰਧੀ ਸ਼ਿਕਾਇਤ 'ਤੇ ਸਥਾਨਕ ਪੁਲਸ ਵੱਲੋਂ ਉਕਤ ਸਾਰੇ ਮੁਲਜ਼ਮਾਂ 'ਤੇ ਆਈ. ਪੀ. ਸੀ. ਦੀ ਧਾਰਾ 323, 342, 354ਬੀ, 354 ਸੀ, 420, 495, 506, 120 ਬੀ, 148 ਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਿਆਸੀ ਰੰਜਿਸ਼ ਕਾਰਨ ਉਸ ਨੂੰ ਝੂਠੇ ਕੇਸ 'ਚ ਫਸਾਇਆ: ਬੀਰ ਦਵਿੰਦਰ ਸਿੰਘ
ਇਸ ਸੰਬੰਧੀ ਕੇਸ 'ਚ ਨਾਮਜ਼ਦ ਬੀਰ ਦਵਿੰਦਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਅਕਾਲੀ ਦਲ ਨਾਲ ਬੜੀ ਸਰਗਰਮੀ ਨਾਲ ਜੁੜਿਆ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਸਿਆਸੀ ਰੰਜਿਸ਼ ਕਾਰਨ ਫਸਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਹੀ ਦਿਨ ਪਹਿਲਾਂ ਇਕ ਸਵਿੱਫਟ ਕਾਰ ਸਵਾਰ ਨੌਜਵਾਨਾਂ ਵੱਲੋਂ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸ ਦੀ ਸ਼ਿਕਾਇਤ ਅਸੀਂ ਲਾਂਬੜਾ ਪੁਲਸ ਨੂੰ ਕੀਤੀ। ਪੁਲਸ ਵੱਲੋਂ ਨੌਜਵਾਨ ਨੂੰ ਕਾਰ ਸਮੇਤ ਕਾਬੂ ਵੀ ਕਰ ਲਿਆ ਗਿਆ ਅਤੇ ਕਾਰ ਅਜੇ ਵੀ ਥਾਣੇ ਖੜ੍ਹੀ ਹੈ ਪਰ ਨੌਜਵਾਨ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ। 
ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ: ਥਾਣਾ ਮੁਖੀ ਪੁਸ਼ਪ ਬਾਲੀ 
ਇਸ ਸੰਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਇਕ ਸ਼ਿਕਾਇਤ ਸੰਬੰਧੀ ਪੁਲਸ ਵੱਲੋਂ ਨੌਜਵਾਨ ਨੂੰ ਕਾਰ ਸਮੇਤ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ। ਜਿਸ ਸੰਬੰਧੀ ਪੁਲਸ ਵੱਲੋਂ ਅਜੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿਆਸੀ ਰੰਜਿਸ਼ ਦੀ ਗੱਲ ਨੂੰ ਉਨ੍ਹਾਂ ਸਿਰੇ ਤੋਂ ਖਾਰਜ ਕਰਦਿਆਂ ਆਖਿਆ ਕਿ ਇਹ ਸਰਾਸਰ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਪਰਿਵਾਰ 'ਤੇ ਕੇਸ ਕਿਸੇ ਬਾਹਰ ਵਾਲੇ ਨੇ ਨਹੀਂ, ਸਗੋਂ ਘਰ ਦੀ ਮਹਿਲਾ ਮੈਂਬਰ ਵੱਲੋਂ ਦਰਜ ਕਰਵਾਇਆ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਕੋਸ਼ਿਸ਼ ਜਾਰੀ ਹੈ।