ਅਕਾਲੀ ਸਰਕਾਰ ਨੇ ਲੋਕਾਂ ਨੂੰ ਲੁੱਟਿਆ-ਕੁੱਟਿਆ : ਨਵਜੋਤ ਸਿੱਧੂ

09/24/2017 12:36:39 AM

ਫਰੀਦਕੋਟ  (ਹਾਲੀ) - ਕਾਂਗਰਸ ਵਿਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਫਰੀਦਕੋਟ ਆਏ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਕਰਦਿਆਂ ਭਾਵੇਂ ਆਪਣੇ ਰਵਾਇਤੀ ਅੰਦਾਜ਼ ਵਿਚ ਖੂਬ 'ਤਾਲੀ ਠੁਕਾਈ' ਪਰ ਉਨ੍ਹਾਂ ਨੂੰ ਵਰਕਰਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ। ਵਰਕਰਾਂ ਨੇ ਮੀਟਿੰਗ ਵਿਚ ਉਠ ਕੇ ਸਿੱਧੂ ਕੋਲ ਮੁੱਦਾ ਉਠਾਇਆ ਕਿ ਉਨ੍ਹਾਂ ਦਾ ਸਰਕਾਰੇ ਦਰਬਾਰੇ ਨਾ ਕੋਈ ਸਤਿਕਾਰ ਹੋ ਰਿਹਾ ਹੈ ਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੀ ਸੁਣਦਾ ਹੈ। ਸਿੱਧੂ ਨੇ ਇਸ ਦਾ ਠੋਕਵਾਂ ਜਵਾਬ ਦਿੰਦਿਆਂ ਸਪੱਸ਼ਟ ਕਿਹਾ ਕਿ ਉਹ ਇਸ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਮੁੱਖ ਮੰਤਰੀ ਕੋਲ ਉਠਾਉਣਗੇ ਕਿਉਂਕਿ ਉਨ੍ਹਾਂ ਦੀ ਸਰਕਾਰ ਤੇ ਪਾਰਟੀ ਸਿਰਫ਼ ਵਰਕਰਾਂ ਕਰ ਕੇ ਹੀ ਕਾਇਮ ਹੈ। ਉਨ੍ਹਾਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਜ਼ਿਲੇ ਦੇ ਲੋਕ ਸਥਾਨਕ ਸਰਕਾਰਾਂ ਨਾਲ ਸਬੰਧਿਤ ਕੋਈ ਕੰਮ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਬਜਾਏ ਢਿੱਲੋਂ ਨਾਲ ਸੰਪਰਕ ਕਰਨ ਅਤੇ ਢਿੱਲੋਂ ਹੀ ਇਸ ਜ਼ਿਲੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਲੋਕਾਂ ਨੂੰ ਲੁੱਟਿਆ-ਕੁੱਟਿਆ ਅਤੇ ਸਰਕਾਰੀ ਕੰਮਾਂ ਵਿਚੋਂ ਵੱਡੇ ਕਮੀਸ਼ਨ ਲੈ ਕੇ ਕੰਮ ਕੀਤੇ, ਜਿਸ ਨੂੰ ਠੀਕ ਕਰਨ ਲਈ ਹੁਣ ਥੋੜ੍ਹਾ ਸਮਾਂ ਲੋਕ ਕਾਂਗਰਸ ਸਰਕਾਰ ਨੂੰ ਦੇਣ। ਉਨ੍ਹਾਂ ਕਿਹਾ ਕਿ ਉਹ ਜਿਥੇ ਜਾਂਦੇ ਹਨ ਅਤੇ ਜੋ ਵਾਅਦਾ ਕਰਦੇ ਹਨ, ਉਹ ਪੂਰਾ ਕਰਦੇ ਹਨ। ਕੁਸ਼ਲਦੀਪ ਸਿੰਘ ਢਿੱਲੋਂ ਦੀ ਮੰਗ 'ਤੇ ਉਨ੍ਹਾਂ ਕਿਹਾ ਕਿ ਜ਼ਿਲੇ ਦੀਆਂ ਤਿੰਨੇ ਨਗਰ ਕੌਂਸਲਾਂ ਅਧੀਨ ਆਉਂਦੇ ਸੀਵਰੇਜ ਪ੍ਰਾਜੈਕਟਾਂ ਨੂੰ ਉਨ੍ਹਾਂ ਦੀ ਸਰਕਾਰ ਪੂਰਾ ਕਰੇਗੀ। ਉਨ੍ਹਾਂ ਆਖਿਆ ਕਿ ਬਾਦਲਾਂ ਨੇ ਸੀਵਰੇਜ ਦੇ 5-5 ਨੀਂਹ ਪੱਥਰ ਰੱਖ ਕੇ ਵੀ ਸੀਵਰੇਜ ਦਾ ਕੰਮ ਮੁਕੰਮਲ ਨਹੀਂ ਕੀਤਾ, ਬਲਕਿ ਸਾਰੇ ਸ਼ਹਿਰ ਪੁੱਟ ਕੇ ਛੱਡੇ ਹੋਏ ਹਨ।
ਉਨ੍ਹਾਂ ਫਰੀਦਕੋਟ ਰਿਆਸਤ ਦੀਆਂ ਇਤਿਹਾਸਕ ਇਮਾਰਤਾਂ ਬਚਾਉਣ ਤੇ ਮੁਰੰਮਤ ਲਈ ਇਕ ਪ੍ਰਾਜੈਕਟ ਬਣਾ ਕੇ ਭੇਜਣ ਦੀ ਮੰਗ ਕੀਤੀ ਤਾਂ ਕਿ ਉਨ੍ਹਾਂ ਨੂੰ ਆਉਂਦੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਿਆ ਜਾ ਸਕੇ। ਸਵ. ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਜੇਲ ਵਿਚਲੀ ਕਾਲ ਕੋਠੜੀ ਨੂੰ ਯਾਦਗਾਰ ਵਜੋਂ ਵਿਕਸਿਤ ਕਰਨ ਲਈ ਉਨ੍ਹਾਂ ਲੋੜੀਂਦੇ ਫ਼ੰਡ ਦੇਣ ਦਾ ਭਰੋਸਾ ਦਿੱਤਾ।
ਗੁਰਦਾਸਪੁਰ ਜ਼ਿਮਨੀ ਚੋਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦੇ ਕਿਰਦਾਰਾਂ ਤੇ ਬਾਕੀ ਪਾਰਟੀ ਦੇ ਉਮੀਦਵਾਰਾਂ ਦੇ ਕਿਰਦਾਰਾਂ ਵਿਚ ਵੱਡਾ ਫਰਕ ਹੈ, ਇਸ ਲਈ ਕਾਂਗਰਸ ਸਪੱਸ਼ਟ ਤੌਰ 'ਤੇ ਜੇਤੂ ਰਹੇਗੀ।ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਲਕੇ ਦੇ ਵਿਧਾਇਕ ਢਿੱਲੋਂ ਅਤੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਸਿੱਧੂ ਦਾ ਫਰੀਦਕੋਟ ਆਉਣ 'ਤੇ ਸਵਾਗਤ ਕੀਤਾ ਅਤੇ ਹਲਕੇ ਦੀਆਂ ਸਮੱਸਿਆਵਾਂ ਸਾਹਮਣੇ ਰੱਖੀਆਂ।  ਇਸ ਸਮੇਂ ਮੁਹੰਮਦ ਸਦੀਕ, ਸੁਰਿੰਦਰ ਕੁਮਾਰ ਗੁਪਤਾ, ਪਵਨ ਗੋਇਲ, ਗੁਰਲਾਲ ਸਿੰਘ ਭਲਵਾਨ, ਸੁਰਜੀਤ ਸਿੰਘ ਢਿੱਲੋਂ, ਮੋਹਨਜੀਤ ਸਿੰਘ ਸਿੱਧੂ, ਚਮਕੌਰ ਸਿੰਘ ਸੇਖੋਂ, ਰਣਜੀਤ ਸਿੰਘ ਭੋਲੂਵਾਲਾ ਅਤੇ ਜਗਜੀਵਨ ਸਿੰਘ ਮੌਜੂਦ ਸਨ।