ਅਕਾਲੀ ਦਲ ਵਲੋਂ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ

12/13/2018 10:59:24 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਗਿਆ ਹੈ। ਇਸ ਅਨੁਸਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਾਲਵਾ ਜ਼ੋਨ-1 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸਤਬੀਰ ਸਿੰਘ ਖੱਟੜਾ ਨੂੰ ਮਾਲਵਾ ਜ਼ੋਨ-2 ਦਾ, ਗੁਰਪ੍ਰੀਤ ਸਿੰਘ ਰਾਜੂਖੰਨਾਂ ਨੂੰ ਮਾਲਵਾ ਜ਼ੋਨ-3 ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮਾਝਾ ਜ਼ੋਨ ਦੀ ਜ਼ਿੰਮੇਵਾਰੀ ਰਵੀਕਰਨ ਸਿੰਘ ਕਾਹਲੋਂ ਨੂੰ ਦਿੱਤੀ ਗਈ ਹੈ। ਜਦਕਿ ਦੋਆਬਾ ਜ਼ੋਨ ਦੀ ਜ਼ਿੰਮੇਵਾਰੀ ਪਾਰਟੀ ਦੇ ਨੌਜਵਾਨ ਆਗੂ ਸੁਖਦੀਪ ਸਿੰਘ ਸ਼ੁਕਾਰ ਨੂੰ ਦਿੱਤੀ ਗਈ ਹੈ, ਜੋ ਜ਼ਿਲਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਦਾ ਕੰਮ ਦੇਖਣਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਯੂਥ ਵਿੰਗ ਨੂੰ ਸੇਧ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਬਤੌਰ ਜਨਰਲ ਸਕੱਤਰ ਇੰਚਾਰਜ, ਯੂਥ ਵਿੰਗ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਚੀਮਾ ਨੇ ਦੱਸਿਆ ਕਿ ਬਾਦਲ ਵੱਲੋਂ ਯੂਥ ਵਿੰਗ ਦੇ ਸੀਨੀਅਰ ਲੀਡਰਾਂ 'ਤੇ ਆਧਾਰਤ ਇਕ 37 ਮੈਂਬਰੀ ਕੋਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜੋ ਕਿ ਸਿੱਧੇ ਤੌਰ 'ਤੇ ਪਾਰਟੀ ਦੇ ਜਨਰਲ ਸਕੱਤਰ ਇੰਚਾਰਜ ਨੂੰ ਜੁਆਬਦੇਹ ਹੋਣਗੇ। ਪਰਮਿੰਦਰ ਸਿੰਘ ਬਰਾੜ ਨੂੰ ਐੱਸ. ਓ. ਆਈ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੋਰ ਕਮੇਟੀ ਤੋਂ ਇਲਾਵਾ ਪਾਰਟੀ ਦੇ 2 ਸੀਨੀਅਰ ਯੂਥ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ, ਜਿਨ੍ਹਾਂ ਵਿਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਐੱਮ. ਐੱਲ. ਏ. ਤੇ ਸਰਬਜੋਤ ਸਿੰਘ ਸਾਬੀ ਦੇ ਨਾਂ ਸ਼ਾਮਲ ਹਨ।