ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਦੁਬਾਰਾ ਰੈਲੀਆਂ ਸ਼ੁਰੂ ਕਰੇਗਾ ''ਅਕਾਲੀ ਦਲ''

03/27/2021 8:55:06 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸੂਬੇ ਭਰ ਵਿਚ ਦੁਬਾਰਾ ਰੈਲੀਆਂ ਦੇ ਆਗਾਜ਼ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਰੈਲੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਕੋਰ ਕਮੇਟੀ ਨਾਲ ਬੈਠਕ ਤੋਂ ਬਾਅਦ ਪਾਰਟੀ ਨੇ ਦੁਬਾਰਾ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਹੈ। ਕੋਰ ਕਮੇਟੀ ਦੀ ਵਰਚੂਅਲ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਬੀਮਾਰੀ ਤੋਂ ਬਿਲਕੁਲ ਠੀਕ ਹੋ ਗਏ ਹਨ ਤੇ 30 ਮਾਰਚ ਤੋਂ ਆਮ ਵਾਂਗ ਕੰਮ ਕਰ ਸਕਦੇ ਹਨ, ਇਸ ਲਈ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਵਿਰਾਸਤ-ਏ-ਖ਼ਾਲਸਾ' ਸਮੇਤ 'ਅਜਾਇਬ ਘਰ' ਇਸ ਤਾਰੀਖ਼ ਤੱਕ ਰਹਿਣਗੇ ਬੰਦ

ਕੋਰ ਕਮੇਟੀ ਮੈਂਬਰਾਂ ਮੁਤਾਬਕ ਕਮੇਟੀ ਦਾ ਮੰਨਣਾ ਹੈ ਕਿ ਸੂਬੇ ਭਰ ਵਿਚ ਕਾਂਗਰਸ ਖ਼ਿਲਾਫ਼ ‘ਨਿਰਾਸ਼ਾ, ਹਤਾਸ਼ਾ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ। ਦਲਿਤਾਂ, ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਤੋਂ ਲੈ ਕੇ ਹਰ ਪੰਜਾਬੀ ਕਾਂਗਰਸੀ ਹੁਕਮਰਾਨਾਂ ਤੋਂ ਪੂਰੀ ਤਰ੍ਹਾਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ : 'ਕੈਪਟਨ' ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਕੇ ਬੁਰੇ ਫਸੇ ਕਾਂਗਰਸੀ, ਅਕਾਲੀ ਦਲ ਨੇ ਕੀਤੀ ਇਹ ਮੰਗ

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ, ਹਰ ਨੌਜਵਾਨ ਨੂੰ ਨੌਕਰੀ, ਦਲਿਤਾਂ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਪਲਾਟ ਅਤੇ ਮਕਾਨ, ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਸੂਬੇ ਦੀਆਂ ਸਾਰੀਆਂ ਕੁੜੀਆਂ ਨੂੰ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ ਵਰਗੇ ਸੁਫ਼ਨਿਆਂ ਦਾ ਵਾਅਦਾ ਕਰਦੇ ਹੋਏ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਚਾਰ ਸਾਲ ਬੀਤ ਚੁੱਕੇ ਹਨ ਅਤੇ ਇਸ ਸਰਕਾਰ ਨੇ ਆਪਣੇ ਅਣਗਿਣਤ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਇਸ ਦੇ ਉਲਟ ਕਲਿਆਣਕਾਰੀ ਯੋਜਨਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 'ਪੰਜਾਬ ਪੁਲਸ' 'ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਹੋਵੇਗੀ ਭਰਤੀ

ਅਜਿਹੇ ਵਿਚ ਹੁਣ ਰੈਲੀਆਂ ਦੇ ਜ਼ਰੀਏ ਲੋਕਾਂ ਵਿਚ ਸਰਕਾਰ ਦੀ ਅਸਫਲਤਾ ਪ੍ਰਗਟ ਕੀਤੀ ਜਾਵੇਗੀ। ਇਸ ਬੈਠਕ ਵਿਚ ਬਲਵਿੰਦਰ ਸਿੰਘ ਭੂੰਦੜ, ਜੱਥੇਦਾਰ ਤੋਤਾ ਸਿੰਘ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਜਗਮੀਤ ਸਿੰਘ ਬਰਾੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ ਅਤੇ ਬਲਦੇਵ ਮਾਨ ਨੇ ਵੀ ਹਿੱਸਾ ਲਿਆ।
ਨੋਟ : ਅਕਾਲੀ ਦਲ ਵੱਲੋਂ ਪੰਜਾਬ 'ਚ ਰੈਲੀਆਂ ਕਰਨ ਦੇ ਫ਼ੈਸਲੇ ਬਾਰੇ ਦਿਓ ਰਾਏ

Babita

This news is Content Editor Babita