ਅਕਾਲੀ ਦਲ ਵਲੋਂ ਰੰਧਾਵਾ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ

12/29/2019 6:17:09 PM

ਲੁਧਿਆਣਾ (ਬਿਊਰੋ) - ਅਕਾਲੀ ਦਲ ਨੇ ਵਾਇਰਲ ਹੋ ਰਹੀ ਵੀਡੀਓ ’ਤੇ ਪੰਜਾਬ ਦੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਲੁਧਿਆਣਾ ਵਿਖੇ ਕਾਨਫਰੰਸ ਕਰਦੇ ਹੋਏ ਸੁਖਜਿੰਦਰ ਰੰਧਾਵਾ ’ਤੇ ਕਈ ਦੋਸ਼ ਲਗਾਏ ਹਨ। ਮਜੀਠੀਆ ਨੇ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਹੈ। ਗੁਰੂ ਸਾਹਿਬ ’ਤੇ ਗਲਤ ਟਿੱਪਣੀ ਕਰਨ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਐੱਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰੰਧਾਵਾ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਬਰਖਾਸਤ ਕਰ ਦੇਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਲੋਕਾਂ ਦੀ ਮਦਦ ਜ਼ਰੂਰ ਕਰਨਗੇ। 

ਮਜੀਠੀਆ ਨੇ ਕਿਹਾ ਕਿ ਰੰਧਾਵਾ ਨੇ ਬੀਤੇ ਦਿਨ ਵਾਈਰਲ ਹੋ ਰਹੀ ਵੀਡੀਓ ਨੂੰ ਪਹਿਲਾ ਜਾਅਲੀ ਦੱਸਿਆ ਅਤੇ ਬਾਅਦ ’ਚ ਕਿਹਾ ਕਿ ਇਹ ਵੀਡੀਓ ਪੰਜਾਬ ਭਵਨ ਦੀ ਹੈ। ਫਿਰ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਗਰਮੀਆਂ ਦੇ ਮੌਸਮ ਦੀ ਹੈ, ਜਦਕਿ ਹੁਣ ਸਰਦੀ ਪੈ ਰਹੀ ਹੈ। ਪੱਤਰਕਾਰਾਂ ਨੂੰ ਰੰਧਾਵਾ ਨੇ ਜਵਾਬ ਦਿੱਤਾ ਕਿ ਵੀਡੀਓ ਜਦੋਂ ਦੀ ਮਰਜ਼ੀ ਹੋਵੇ ਪਰ ਇਸ ’ਚ ਜੋ ਸ਼ਬਦਾਵਲੀ ਵਰਤੀ ਗਈ ਹੈ, ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨਾ ਬਹੁਤ ਗਲਤ ਹੈ। ਉਨ੍ਹਾਂ ਰੰਧਾਵਾ ਨੂੰ ਕਿਹਾ ਕਿ ਵੀਡੀਓ ’ਚ ਨਜ਼ਰ ਆ ਰਹੀ ਤਸਵੀਰ ਅਤੇ ਹਾਸਾ ਉਨ੍ਹਾਂ ਦਾ ਹੀ ਸੀ ਜਾਂ ਉਨ੍ਹਾਂ ਦੀ ਕਿਸੇ ਨੇ ਨਕਲ ਕੀਤੀ ਹੈ। ਰੰਧਾਵਾ ਬਹੁਤ ਮਾੜਾ ਬੰਦਾ ਹੈ। 

ਦੂਜੇ ਪਾਸੇ ਚੀਮਾ ਨੇ ਕਿਹਾ ਕਿ ਪੰਜਾਬ ਦਾ ਕੈਬਿਨਟ ਮੰਤਰੀ ਬਣਨ ’ਤੇ ਰੰਧਾਵਾ ਅੰਦਰ ਇਨਾ ਹੰਕਾਰ ਆ ਗਿਆ ਹੈ ਕਿ ਉਹ ਸਿੱਖਾਂ ਦੇ ਗੁਰੂਆਂ ਨੂੰ ਵੀ ਬਖਸ਼ ਨਹੀਂ ਰਹੇ। ਵਾਈਰਲ ਹੋ ਰਹੀ ਵੀਡੀਓ ’ਤੇ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਉਹ ਆਪ ਪਹਿਲ ਕਰਕੇ ਇਸ ਦੀ ਜਾਂਚ ਕਰਵਾਉਂਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਕਿ ਉਹ ਰੰਧਾਵਾ ਖਿਲਾਫ ਮਾਮਲਾ ਦਰਜ ਕਰਵਾਉਂਦੇ ਹੋਏ ਉਨ੍ਹਾਂ ਨੂੰ ਗਿ੍ਫਤਾਰ ਕਰਵਾਉਣ ਅਤੇ ਉਨ੍ਹਾਂ ਨੂੰ ਮੰਤਰੀ ਪਦ ਤੋਂ ਬਰਖਾਸਤ ਕੀਤਾ ਜਾਵੇ। ਚੀਮਾ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਵੀ ਗੱਲ ਕਹੀ ਹੈ। 

rajwinder kaur

This news is Content Editor rajwinder kaur