ਅਕਾਲੀ ਦਲ ਹਨੇਰੇ ’ਚ, ਮੋਦੀ ਦੀ ਵੀ ਹੁਣ ‘ਉਹ’ ਗੱਲ ਨਹੀਂ ਰਹੀ : ਢੀਂਡਸਾ

11/14/2018 8:37:16 AM

ਲੁਧਿਆਣਾ, (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ (ਬ) ਤੋਂ ਅਸਤੀਫਾ ਦੇ ਚੁੱਕੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਲੁਧਿਆਣਾ ਫੇਰੀ ਦੌਰਾਨ ਜਿਥੇ ਅਕਾਲੀ ਦਲ  ਬਾਰੇ ਕਈ ਗੱਲਾਂ ਕੀਤੀਆਂ, ਉਥੇ 2019 ‘ਚ ਮੁਡ਼ ਮੋਦੀ ਸਰਕਾਰ ਬਣਨ ਬਾਰੇ ਪੁੱਛੇ ਸਵਾਲ  ‘ਤੇ ਕਿਹਾ ਕਿ ਹੁਣ ਤਾਂ ਮੋਦੀ  ਦੀ ਵੀ ਉਹ ਗੱਲ ਨਹੀਂ ਰਹੀ, ਜੋ ਪਹਿਲਾਂ ਸੀ ਪਰ ਦੇਸ਼ ‘ਚ  ਮੋਦੀ ਦੀ ਥਾਂ ਕੋਈ ਲੈ ਸਕੇ, ਉਹ ਵੀ ਕੋਈ ਦਿਖਾਈ ਨਹੀਂ ਦੇ ਰਿਹਾ।

 
ਜਦੋਂ ਉਨ੍ਹਾਂ ਦਾ ਧਿਆਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਵਲੋਂ ਬੀਤੇ ਦਿਨੀਂ  ਲਏ ਸਖ਼ਤ ਫੈਸਲਿਆਂ ਵੱਲ ਦਿਵਾਇਆ, ਜਿਸ ‘ਚ ਵੱਡੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ  ਗਿਆ ਹੈ, ਬਾਰੇ ਉਨ੍ਹਾਂ ਕਿਹਾ ਕਿ ਟਕਸਾਲੀ ਆਗੂਆਂ ਬ੍ਰਹਮਪੁਰਾ, ਅਜਨਾਲਾ, ਸੇਖਵਾਂ ਨੂੰ  ਪਾਰਟੀ ‘ਚੋਂ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਕੱਢਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ  ਇਨ੍ਹਾਂ ਆਗੂਆਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪਾਰਟੀ ਨੂੰ ਖਡ਼੍ਹੀ ਕਰਨ ਤੇ ਜੇਲਾਂ  ਕੱਟ ਕੇ ਬਿਤਾਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਅਕਾਲੀ ਦਲ ‘ਚ ਉੱਠਿਆ ਇਹ ਤੂਫਾਨ  ਕਦੋਂ ਠੰਡਾ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਉਹੀ ਦੱਸ ਸਕਦੇ ਹਨ।  
ਸ. ਢੀਂਡਸਾ ਤੋਂ ਜਦੋਂ ਦੇਸ਼ ਦੇ ਫੌਜ ਮੁਖੀ ਵਲੋਂ ਪੰਜਾਬ ਬਾਰੇ ਦਿੱਤੇ ਜਾ ਰਹੇ ਬਿਆਨ  ਵੱਲ ਦਿਵਾਇਆ ਕਿ ਅੱਤਵਾਦ ਮੁਡ਼ ਸੁਰਜੀਤ ਹੋ ਸਕਦਾ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ  ਕਿਹਾ ਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਦੇਸ਼ ਦਾ ਫੌਜ ਮੁਖੀ ਕਿਸੇ ਸੂਬੇ ਬਾਰੇ ਇਸ  ਤਰ੍ਹਾਂ ਦੀ ਬਿਆਨਬਾਜ਼ੀ ਕਰ ਕੇ ਚਰਚਾ ਵਿਚ ਆਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਹ  ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਉਨ੍ਹਾਂ ਕਿਹਾ ਕਿ ਫੌਜ ਦੇ ਮੁਖੀ ਦੇ ਬਿਆਨ ‘ਤੇ ਮੈਂ  ਜ਼ਿਆਦਾ ਕੁੱਝ ਨਹੀਂ ਕਹਿਣਾ ਚਾਹੁੰਦਾ, ਕੇਵਲ ਇੰਨਾ ਕਹਾਂਗਾ ਕਿ ਜੇਕਰ ਉਨ੍ਹਾਂ ਦੇ ਧਿਆਨ  ਵਿਚ ਹੈ ਤਾਂ ਉਹ ਇਸ ਸਬੰਧੀ ਉੱਪਰ ਗੱਲ ਕਰਨ। ਪੰਜਾਬ ਵਿਚ ਤੀਜੇ ਫਰੰਟ ਬਾਰੇ ਪੁੱਛੇ ਸਵਾਲ  ‘ਤੇ ਢੀਂਡਸਾ ਨੇ ਕਿਹਾ ਕਿ ਅਜੇ ਤਾਂ ਸਾਹਮਣੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ। ਲੋਕ ਸਭਾ  ਚੋਣਾਂ  ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਚੋਣ  ਨਹੀਂ ਲਡ਼ੇਗਾ। ਜਦੋਂ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਜੇਕਰ ਬੀਬਾ ਹਰਸਿਮਰਤ ਚੋਣ  ਲਡ਼ਦੀ ਹੈ ਤਾਂ ਮਦਦ ਕਰਨਗੇ ਤਾਂ ਉਹ ਹੱਸ ਪਏ ਅਤੇ ਕਹਿਣ ਲੱਗੇ ਭਾਈ ਪਾਰਟੀ ਦਾ ਪ੍ਰਾਇਮਰੀ  ਮੈਂਬਰ ਹਾਂ ਕੁੱਝ ਤਾਂ ਕਰਨਾ ਹੀ ਪਵੇਗਾ।

 
ਢੀਂਡਸਾ ਤੋਂ ਬਰਗਾਡ਼ੀ ਕਾਂਡ ਦੀ  ਜਾਂਚ ਲਈ ਬਣੀ ਐੱਸ. ਆਈ. ਟੀ. ਵਲੋਂ ਬਾਦਲਾਂ  ਨੂੰ ਸੰਮਨ ਜਾਰੀ ਕਰਨ ਦੇ ਮਾਮਲੇ ‘ਤੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਹੁਣ ਐੱਸ.   ਆਈ.  ਟੀ. ਉਨ੍ਹਾਂ ਤੋਂ ਕਿਸ ਤਰ੍ਹਾਂ ਦੇ ਸਵਾਲ ਪੁੱਛਦੀ ਹੈ ਤੇ ਉਹ ਕੀ ਰਿਪੋਰਟ ਦਿੰਦੀ  ਹੈ। ਇਸ ਬਾਰੇ ਤਾਂ ਐੱਸ.  ਆਈ.  ਟੀ. ਜਾਂ ਬਾਦਲ ਹੀ ਜਾਣਦੇ ਹੋਣਗੇ। ਅੱਜ ਉਨ੍ਹਾਂ ਨਾਲ  ਸੁਖਵਿੰਦਰ ਸਿੰਘ ਗਰਚਾ, ਬਾਬੂ ਸਤੀਸ਼ ਰਾਏਕੋਟੀ, ਕੁਲਦੀਪ ਸਿੰਘ ਸਿੱਧੂ, ਹਰਬੰਸ ਸਿੰਘ ਤੇ  ਹੋਰ ਸਥਾਨਕ ਆਗੂ ਸ਼ਾਮਲ ਸਨ।