ਅਕਾਲੀ ਦਲ ਦੀ ਸਪੀਕਰ ਨੂੰ ਮੰਗ, 15 ਦਿਨਾਂ ਦਾ ਹੋਵੇ 'ਮਾਨਸੂਨ ਇਜਲਾਸ'

07/30/2019 12:44:41 PM

ਚੰਡੀਗੜ੍ਹ (ਵਰੁਣ) : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਨੂੰ ਵਧਾਉਣ ਦੀ ਮੰਗ ਸਬੰਧੀ ਅਕਾਲੀ ਦਲ ਦੇ ਇਕ ਵਫਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਸਪੀਕਰ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ 'ਚ ਮਾਨਸੂਨ ਸੈਸ਼ਨ ਦਾ ਸਮਾਂ 15 ਦਿਨ ਵਧਾਉਣ ਦੀ ਮੰਗ ਕੀਤੀ ਗਈ। ਅਕਾਲੀ ਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਬਹੁਤ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ ਅਤੇ ਅਨੇਕਾ ਅਜਿਹੇ ਮਸਲੇ ਹਨ, ਜਿਨ੍ਹਾਂ 'ਤੇ ਬਹਿਸ ਹੋਣੀ ਜ਼ਰੂਰੀ ਹੈ। ਅਕਾਲੀ ਦਲ ਦੇ ਵਫਦ ਨੇ ਕਿਹਾ ਕਿ ਪੰਜਾਬ 'ਚ ਵਿਗੜਦੀ ਕਾਨੂੰਨ ਵਿਵਸਥਾ, ਬੇਰੋਜ਼ਗਾਰੀ, ਐੱਸ. ਸੀ./ਬੀ. ਸੀ. ਬੱਚਿਆਂ ਦੀ ਪੜ੍ਹਾਈ, ਕਿਸਾਨਾਂ ਦੇ ਮੁੱਦੇ, ਨਸ਼ਿਆਂ ਦੀ ਸਮੱਸਿਆ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਕਾਰਨ ਸੂਬੇ 'ਚ ਹਾਹਾਕਾਰ ਮਚੀ ਹੋਈ ਹੈ ਪਰ ਪੰਜਾਬ ਸਰਕਾਰ ਇਨ੍ਹਾਂ ਲੋਕ ਮੁੱਦਿਆਂ 'ਤੇ ਬਹਿਸ ਕਰਾਉਣ ਤੋਂ ਭੱਜ ਰਹੀ ਹੈ। ਇਸ ਲਈ ਅਕਾਲੀ ਦਲ ਦੇ ਵਫਦ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਮੰਗ ਪੱਤਰ ਨੂੰ ਸਵੀਕਾਰ ਕਰਨਦੇ ਹੋਏ ਮਾਨਸੂਨ ਇਜਲਾਸ ਦਾ ਸਮਾਂ ਘੱਟੋ-ਘੱਟ 15 ਦਿਨ ਵਧਾਇਆ ਜਾਵੇ ਤਾਂ ਜੋ ਲੋਕਾਂ ਦੇ ਮਸਲਿਆਂ ਨੂੰ ਸਦਨ 'ਚ ਰੱਖਣ ਦਾ ਮੌਕਾ ਮਿਲ ਸਕੇ। 
ਸਪੀਕਰ ਨੇ ਦਿੱਤਾ ਭਰੋਸਾ
ਸਪੀਕਰ ਰਾਣਾ ਕੇ. ਪੀ. ਨੇ ਦੱਸਿਆ ਕਿ ਅਕਾਲੀ ਦਲ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਵੀ ਮਾਨਸੂਨ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ ਅਤੇ ਇਸ ਸਬੰਧੀ 2 ਅਗਸਤ ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ 'ਬਿਜ਼ਨੈੱਸ ਐਡਵਾਈਜ਼ਰੀ ਕਮੇਟੀ' ਦੀ ਮੀਟਿੰਗ ਹੋਵੇਗੀ ਅਤੇ ਜੇਕਰ ਲੱਗੇਗਾ ਕਿ ਇਜਲਾਸ ਦਾ ਸਮਾਂ ਵਧਾਉਣਾ ਚਾਹੀਦਾ ਹੈ ਅਤੇ ਇਸ ਮੀਟਿੰਗ 'ਚ ਵਿਚਾਰ-ਵਟਾਂਦਰਾ ਕਰਕੇ ਉਚਿਤ ਫੈਸਲਾ ਲਿਆ ਜਾਵੇਗਾ। 

Babita

This news is Content Editor Babita