ਅਕਾਲੀ ਦਲ ਭਾਈ ਰਾਜੋਆਣਾ ਦੀ ਜਲਦ ਰਿਹਾਈ ਦੇ ਹੱਕ ’ਚ : ਸੁਖਬੀਰ

12/05/2019 12:12:59 AM

ਚੰਡੀਗਡ਼੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਅਕਾਲੀ ਦਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜੇਲ ’ਚੋਂ ਜਲਦ ਰਿਹਾਈ ਕੀਤੇ ਜਾਣ ਦੇ ਹੱਕ ’ਚ ਹੈ। ਇਸ ਦੇ ਨਾਲ ਹੀ ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਦਇਆ ਦੀ ਭਾਵਨਾ ਤੋਂ ਕਿਨਾਰਾ ਕਰਨ ਅਤੇ ਇਸ ਕੇਸ ’ਚ ‘ਮਨੁੱਖੀ ਪਹੁੰਚ’ ਅਪਣਾਉਣ ਤੋਂ ਇਨਕਾਰ ਕਰਦਿਆਂ ਦੁਬਾਰਾ ਫਿਰਕੂ ਭਾਵਨਾਵਾਂ ਭਡ਼ਕਾਉਣ ਦੀ ਕੋਸ਼ਿਸ਼ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ। ਅਕਾਲੀ ਦਲ ਪ੍ਰਧਾਨ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਸ ਕੇਸ ’ਚ ਫਰੇਬੀ ਭੂਮਿਕਾ ਨਿਭਾ ਰਿਹਾ ਹੈ ਅਤੇ ਬਿਨਾਂ ਪੈਰੋਲ ਤੋਂ 23 ਸਾਲ ਤੋਂ ਵੱਧ ਸਜ਼ਾ ਭੁਗਤ ਚੁੱਕੇ ਭਾਈ ਰਾਜੋਆਣਾ ਨੂੰ ਰਾਹਤ ਦੇਣ ਦੇ ਰਾਹ ’ਚ ਅਡ਼ਿੱਕੇ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਭਾਈ ਰਾਜੋਆਣਾ ਨੂੰ ਰਾਹਤ ਦਿਵਾਉਣ ਸਬੰਧੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਉਨ੍ਹਾਂ 4 ਪੁਲਸ ਕਰਮਚਾਰੀਆਂ ਨੂੰ ਮੁਆਫ਼ੀ ਦੀ ਸਿਫਾਰਿਸ਼ ਕਰਨ ’ਚ ਬਡ਼ੀ ਫੁਰਤੀ ਦਿਖਾਈ ਸੀ, ਜਿਨ੍ਹਾਂ ਨੇ 1993 ’ਚ ਛੇਤੀ ਤਰੱਕੀਆਂ ਲੈਣ ਲਈ ਇਕ ਬੇਕਸੂਰ ਸਿੱਖ ਨੌਜਵਾਨ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕੀ ਉਹ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ ਕੀਤੇ ਜਾਣ ਦੇ ਹੱਕ ’ਚ ਹਨ ਜਾਂ ਨਹੀਂ? ਉਨ੍ਹਾਂ ਕਿਹਾ ਕਿ ਸੂਬੇ ਦੇ ਚੁਣੇ ਹੋਏ ਮੁਖੀ ਵਜੋਂ ਕੈ. ਅਮਰਿੰਦਰ ਕੋਲੋਂ ਇਸ ਮੁੱਦੇ ’ਤੇ ਦੋਗਲੀ ਗੱਲ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਰਿਸਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਲਈ ਭਾਈ ਰਾਜੋਆਣਾ ਨੂੰ ਰਿਹਾਅ ਕੀਤੇ ਜਾਣ ਦੇ ਹੱਕ ’ਚ ਉਮਡ਼ੀ ਸਿੱਖ ਸੰਗਤ ਨੂੰ ਇਸ ਘਟਨਾ ਨੇ ਪ੍ਰੇਸ਼ਾਨ ਕਰ ਦਿੱਤਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਡ਼ੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਅਤੇ ਖਾਸ ਕਰ ਕੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਇਸ ਮਸਲੇ ’ਤੇ ਸਿਆਸਤ ਖੇਡੀ ਜਾ ਰਹੀ ਹੈ, ਜਿਹਡ਼ਾ ਕਿ ਸੂਬੇ ਦੀ ਫਿਰਕੂ ਸ਼ਾਂਤੀ ਭੰਗ ਕਰਨ ਵਾਸਤੇ ਭਡ਼ਕਾਊ ਬਿਆਨਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਫ਼ਰਤ ਦੀ ਸਿਆਸਤ ਕਰਨ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਸ ਮੌਕੇ ਦਾ ਇਸਤੇਮਾਲ ਆਪਣੇ ਦਾਦਾ ਬੇਅੰਤ ਸਿੰਘ ਵਲੋਂ ਬੇਕਸੂਰ ਸਿੱਖ ਨੌਜਵਾਨਾਂ ਦੀ ਕੀਤੀ ਨਸਲਕੁਸ਼ੀ ਦੇ ਅਪਰਾਧ ਲਈ ਮੁਆਫੀ ਮੰਗਣ ਵਾਸਤੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਦੀ ਅਗਵਾਈ ’ਚ ਸ਼ੁਰੂ ਕੀਤੇ ਸਰਕਾਰੀ ਅੱਤਵਾਦ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਇਕ ਪੂਰੀ ਪੀਡ਼੍ਹੀ ਖ਼ਤਮ ਕਰ ਦਿੱਤੀ ਗਈ ਸੀ, ਜਿਸ ਨਾਲ ਹਰ ਖੇਤਰ ’ਚ ਪੰਜਾਬ 20 ਸਾਲ ਪਿੱਛੇ ਚਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਮਨੁੱਖ ਵਲੋਂ ਪੈਦਾ ਕੀਤੇ ਇਸ ਦੁਖਾਂਤ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ ਹਾਂ। ਹੁਣ ਬਿੱਟੂ ਦੁਬਾਰਾ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਉਦੇਡ਼ਣਾ ਚਾਹੁੰਦਾ ਹੈ ਅਤੇ ਪੰਜਾਬ ਵਿਚ ਭਰਾ ਮਾਰੂ ਜੰਗ ਕਰਵਾਉਣਾ ਚਾਹੁੰਦਾ ਹੈ।

ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਭਾਈ ਰਾਜੋਆਣਾ ਦੀ ਸਜ਼ਾ ਮੁਆਫ ਕਰਨ ਲਈ ਵਿਸ਼ੇਸ਼ ਹਾਲਾਤ ਤੋਂ ਜਾਣੂ ਕਰਵਾਏਗਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਗ੍ਰਹਿ ਮੰਤਰੀ ਸਾਡੇ ਅਤੇ ਸਿੱਖ ਭਾਈਚਾਰੇ ਦੇ ਨਜ਼ਰੀਏ ਨੂੰ ਸਮਝਣਗੇ ਅਤੇ ਇਸ ਮਾਮਲੇ ਵਿਚ ਢੁੱਕਵਾਂ ਫੈਸਲਾ ਲੈਣਗੇ।

Bharat Thapa

This news is Content Editor Bharat Thapa