ਕੋਰੋਨਾ ਵਾਇਰਸ ਤੋਂ ਡਰਿਆ ''ਅਕਾਲੀ ਦਲ'', ਰੈਲੀਆਂ ਸਬੰਧੀ ਲਿਆ ਵੱਡਾ ਫੈਸਲਾ

03/06/2020 9:40:09 AM

ਚੰਡੀਗੜ੍ਹ : ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲੇ 'ਕੋਰੋਨਾ ਵਾਇਰਸ' ਕਾਰਨ ਹੁਣ ਤੱਕ 60 ਤੋਂ ਵੱਧ ਮੁਲਕ ਪ੍ਰਭਾਵਿਤ ਹੋ ਚੁੱਕੇ ਹਨ। ਇਸ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਸੇ ਤਰ੍ਹਾਂ ਦੇ ਸਮਾਗਮ ਕਰਨ ਤੋਂ ਲੋਕਾਂ ਨੂੰ ਮਨ੍ਹਾਂ ਕੀਤਾ ਹੈ। 'ਕੋਰੋਨਾ ਵਾਇਰਸ' ਦਾ ਖੌਫ ਹੁਣ ਪੰਜਾਬ ਦੀ ਸਿਆਸਤ 'ਤੇ ਵੀ ਦਿਖਣ ਲੱਗਾ ਹੈ, ਇਸੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਵੱਖ-ਵੱਖ ਜ਼ਿਲਿਆਂ 'ਚ ਹੋਣ ਵਾਲੀਆਂ ਆਪਣੀਆਂ ਰੈਲੀਆਂ ਨੂੰ ਮੁਲਤਵੀ ਕਰ ਦਿੱਤਾ ਹੈ। ਪਾਰਟੀ ਵਲੋਂ ਇਹ ਫੈਸਲਾ ਪਾਰਟੀ ਵਰਕਰਾਂ ਦੀ ਸੁਰੱਖਿਆ ਨੂੰ ਮੁੱੱਖ ਰੱਖਦਿਆਂ ਲਿਆ ਗਿਆ ਹੈ।


ਦਲਜੀਤ ਚੀਮਾ ਨੇ ਕੀਤਾ ਟਵੀਟ
ਬੀਤੀ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਲੋਕ ਹਿੱਤਾਂ ਤੇ ਲੋਕਾਂ ਦੀ ਸਿਹਤ ਨੂੰ ਤਰਜੀਹ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਨੂੰ ਮੁਲਤਵੀ ਕੀਤਾ ਗਿਆ ਹੈ।


ਜਾਣੋ ਕਿੱਥੇ-ਕਿੱਥੇ ਮੁਲਤਵੀ ਹੋਈਆਂ 'ਰੈਲੀਆਂ'
ਡਾ. ਦਲਜੀਤ ਚੀਮਾ ਦੇ ਟਵੀਟ ਮੁਤਾਬਕ ਅਕਾਲੀ ਦਲ ਵਲੋਂ 9 ਮਾਰਚ ਨੂੰ ਹੋਲੇ ਮਹੱਲੇ 'ਤੇ ਹੋਣ ਵਾਲੀ ਸਿਆਸੀ ਕਾਨਫਰੰਸ ਨੂੰ ਟਾਲ ਦਿੱਤਾ ਗਿਆ ਹੈ। ਅਕਾਲੀ ਦਲ ਵਲੋਂ ਲਗਾਤਾਰ ਬੀਤੇ ਕਈ ਦਹਾਕਿਆਂ ਤੋਂ ਹਰ ਲੜਾਈ ਲੜਕੇ ਹੋਲਾ ਮਹੱਲਾ ਮੌਕੇ ਸਿਆਸੀ ਕਾਨਫਰੰਸ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਰੈਲੀ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਹੋਲੇ ਮਹੱਲੇ 'ਤੇ ਕਰੇਗਾ ਵਿਸ਼ਾਲ ਸਿਆਸੀ ਕਾਨਫਰੰਸ

ਇਸ ਦੇ ਨਾਲ ਹੀ ਪਾਰਟੀ ਵਲੋਂ ਫਾਜ਼ਿਲਕਾ 'ਚ 11 ਮਾਰਚ, ਹੁਸ਼ਿਆਰਪੁਰ 'ਚ 14 ਮਾਰਚ, ਲੁਧਿਆਣਾ 'ਚ 15 ਮਾਰਚ, ਕਪੂਰਥਲਾ 'ਚ 18 ਮਾਰਚ, ਫਤਿਹਗੜ੍ਹ ਸਾਹਿਬ 'ਚ 21 ਮਾਰਚ ਨੂੰ ਹੋਣ ਵਾਲੀਆਂ ਰੈਲੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਪਾਰਟੀ ਵਲੋਂ ਮਾਨਸਾ 'ਚ 7 ਮਾਰਚ ਨੂੰ ਕੀਤੀ ਜਾਣ ਵਾਲੀ ਰੈਲੀ ਤੈਅ ਸਮੇਂ ਮੁਤਾਬਕ ਹੀ ਹੋਵੇਗੀ।
ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸੀ ਤਿਆਰੀਆਂ
ਹੋਲੇ ਮਹੱਲੇ 'ਤੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਤੋਂ ਜਿੱਥੇ ਕਾਂਗਰਸ ਪਾਰਟੀ ਪਿਛਲੇ ਕਈ ਸਾਲਾਂ ਤੋਂ ਹੀ ਪਾਸਾ ਵੱਟ ਚੁੱਕੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ ਵੀ ਇਹ ਕਾਨਫਰੰਸ ਨਹੀਂ ਕੀਤੀ ਜਾ ਰਹੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਪਿੰਡ-ਪਿੰਡ ਜਾ ਕੇ ਸਿਆਸੀ ਕਾਨਫਰੰਸ ਕਰਨ ਲਈ ਤਿਆਰੀਆਂ ਕਰ ਰਹੇ ਸਨ ਪਰ ਬੀਤੀ ਦੇਰ ਸ਼ਾਮ ਇਸ ਰੈਲੀ ਸਮੇਤ ਬਾਕੀ ਸ਼ਹਿਰਾਂ 'ਚ ਹੋ ਰਹੀਆਂ ਰੈਲੀਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਲੈ ਲਿਆ ਗਿਆ।

ਇਹ ਵੀ ਪੜ੍ਹੋ : ਅਕਾਲੀ ਦਲ 14 ਨੂੰ ਹੁਸ਼ਿਆਰਪੁਰ 'ਚ ਕਰੇਗਾ ਵਿਸ਼ਾਲ ਰੈਲੀ, ਲਗਾਈਆਂ ਡਿਊਟੀਆਂ
 

Babita

This news is Content Editor Babita