ਅਕਾਲੀ ਦਲ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਿਗਰਾਨ ਨਿਯੁਕਤ

01/24/2018 12:29:30 AM

ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਾਸਤੇ ਵਰਕਰਾਂ ਨੂੰ ਸੰਗਠਤ ਕਰਨ ਲਈ ਸੂਬੇ ਦੇ ਸਾਰੇ ਜ਼ਿਲਿਆਂ ਵਾਸਤੇ ਨਿਗਰਾਨ ਨਿਯੁਕਤ ਕਰ ਦਿੱਤੇ ਹਨ। ਪਾਰਟੀ ਵੱਲੋਂ ਇਸ ਵਾਰ ਇਹ ਚੋਣਾਂ ਆਪਣੇ ਚੋਣ ਨਿਸ਼ਾਨ 'ਤੇ ਲੜਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਹਰਿਆਣਾ ਲੀਡਰਸ਼ਿਪ ਦੀ 2 ਘੰਟੇ ਲੰਬੀ ਮੀਟਿੰਗ ਦੌਰਾਨ ਇਨ੍ਹਾਂ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ। ਇਸ ਮੀਟਿੰਗ ਵਿਚ ਸ਼ਰਨਜੀਤ ਸਿੰਘ ਸਹੋਤਾ ਨੂੰ ਮੁੜ ਤੋਂ ਸਰਬਸੰਮਤੀ ਨਾਲ ਪਾਰਟੀ ਦੀ ਹਰਿਆਣਾ ਇਕਾਈ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਹਰਿਆਣਾ ਵਿਚ ਪਾਰਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਆ ਰਹੀਆਂ ਵਿਧਾਨ ਸਭਾ ਚੋਣਾਂ ਵੱਧ ਤੋਂ ਵੱਧ ਸੀਟਾਂ ਉੱਤੇ ਆਪਣੇ ਬਲਬੂਤੇ 'ਤੇ ਲੜੇਗਾ। ਉਨ੍ਹਾਂ ਕਿਹਾ ਕਿ ਲੱਗਭਗ 35 ਸੀਟਾਂ 'ਤੇ ਸਿੱਖ ਵੱਡੀ ਗਿਣਤੀ ਵਿਚ ਹਨ ਤੇ ਉਨ੍ਹਾਂ ਨੂੰ ਸੰਗਠਿਤ ਕਰਨ ਦੀ ਲੋੜ ਹੈ। ਉਨ੍ਹਾਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪੇਂਡੂ ਖੇਤਰਾਂ ਵਿਚ ਜਾ ਕੇ ਭਰਤੀ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹਰਿਆਣਾ ਅੰਦਰ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਿਲਾ ਪੱਧਰੀ ਮੀਟਿੰਗਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਹਰਿਆਣਾ ਤੋਂ ਆਏ ਆਗੂਆਂ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਮੌਕੇ ਰਘੂਜੀਤ ਸਿੰਘ ਵਿਰਕ, ਅਵਤਾਰ ਸਿੰਘ ਮੰਗੀ, ਤਾਰਾ ਸਿੰਘ ਅਸੰਧ, ਸੁਖਬੀਰ ਸਿੰਘ ਮੰਡੀ, ਸੰਤ ਸਿੰਘ ਕੰਧਾਰੀ, ਤੇਜਿੰਦਰਪਾਲ ਢਿੱਲੋਂ ਅਤੇ ਰਵਿੰਦਰ ਕੌਰ ਅਜਰਾਨਾ ਮੌਜੂਦ ਸਨ।
ਹਰਿਆਣਾ ਵਾਸਤੇ ਜਿਨ੍ਹਾਂ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ ਹੈ, ਉਨ੍ਹਾਂ 'ਚ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੰਬਾਲਾ ਅਤੇ ਯਮੁਨਾਨਗਰ ਜ਼ਿਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਜੀਤ ਸਿੰਘ ਜੀ. ਕੇ. ਅਤੇ ਅਵਤਾਰ ਸਿੰਘ ਹਿੱਤ ਫਰੀਦਾਬਾਦ, ਪਲਵਲ, ਪਾਣੀਪਤ, ਰੋਹਤਕ, ਸੋਨੀਪਤ ਅਤੇ ਗੁੜਗਾਓਂ ਜ਼ਿਲਿਆਂ ਦਾ ਪ੍ਰਬੰਧ ਵੇਖਣਗੇ। ਸਿਕੰਦਰ ਸਿੰਘ ਮਲੂਕਾ ਫਤਿਹਬਾਦ ਅਤੇ ਸਿਰਸਾ ਜ਼ਿਲਿਆਂ ਦਾ ਪ੍ਰਬੰਧ ਵੇਖਣਗੇ। ਸੁਰਜੀਤ ਸਿੰਘ ਰੱਖੜਾ ਕੈਥਲ ਅਤੇ ਜੀਂਦ ਜ਼ਿਲਿਆਂ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਬੀਬੀ ਜਗੀਰ ਕੌਰ ਕਰਨਾਲ ਅਤੇ ਕੁਰੂਕਸ਼ੇਤਰ ਜ਼ਿਲਿਆਂ ਦਾ ਪ੍ਰਬੰਧ ਵੇਖਣਗੇ। ਪਰਮਿੰਦਰ ਸਿੰਘ ਢੀਂਡਸਾ, ਜ਼ਿਲਾ ਹਿਸਾਰ ਅਤੇ ਐੱਨ. ਕੇ. ਸ਼ਰਮਾ ਪੰਚਕੂਲਾ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਵੀ ਸ਼ਾਮਲ ਸਨ।