ਅਕਾਲੀ ਦਲ ਤੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਰੱਖ ਕੇ ਦਿੱਤਾ ਰੋਸ ਧਰਨਾ

06/26/2017 2:25:58 AM

ਸਰਦੂਲਗੜ੍ਹ, (ਚੋਪੜਾ)-  ਨਾਜਾਇਜ਼ ਸ਼ਰਾਬ ਰੱਖਣ ਦੇ ਮਾਮਲੇ ਅਧੀਨ ਮਾਨਸਾ ਜੇਲ ਭੇਜੇ ਗਏ ਦਰਸ਼ਨ ਸਿੰਘ ਪੁੱਤਰ ਚੇਤ ਸਿੰਘ ਵਾਸੀ ਵਾਰਡ ਨੰਬਰ 7 ਦੀ ਜੇਲ 'ਚ ਹੋਈ ਮੌਤ 'ਤੇ ਐੱਸ. ਐੱਚ. ਓ. ਸਰਦੂਲਗੜ੍ਹ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਅਤੇ ਪਰਿਵਾਰਿਕ ਮੈਂਬਰਾਂ ਨੇ ਸਿਰਸਾ ਮਾਨਸਾ ਮੇਨ ਸੜਕ 'ਤੇ ਮ੍ਰਿਤਕ ਦੀ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਲੋਕਾਂ ਨਾਲ ਵਧੀਕੀਆਂ ਕਰ ਕੇ ਝੂਠੇ ਮਾਮਲੇ ਦਰਜ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਸੂਰਤ 'ਚ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਐੱਸ. ਐੱਚ. ਓ. ਸਰਦੂਲਗੜ੍ਹ ਵੱਲੋਂ ਦਰਸ਼ਨ ਸਿੰਘ ਦੀ ਬਹੁਤ ਜ਼ਿਆਦਾ ਕੁੱਟਮਾਰ ਕਰ ਕੇ ਉਸ 'ਤੇ ਸ਼ਰਾਬ ਦਾ ਨਾਜਾਇਜ਼ ਪਰਚਾ ਦਰਜ ਕਰ ਕੇ ਉਸ ਨੂੰ ਮਾਨਸਾ ਜੇਲ ਭੇਜ ਦਿੱਤਾ ਗਿਆ, ਜਿਥੇ ਬੀਤੇ ਕੱਲ ਉਸ ਦੀ ਮੌਤ ਹੋ ਗਈ। ਉਨ੍ਹਾਂ ਐੱਸ. ਐੱਚ. ਓ. 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਰਸ਼ਨ ਸਿੰਘ ਦੀ ਮੌਤ ਜ਼ਿਆਦਾ ਕੁੱਟਮਾਰ ਕਰਨ ਕਰ ਕੇ ਹੋਈ ਹੈ ਅਤੇ ਜਦੋਂ ਤੱਕ ਪੁਲਸ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸੁਖਵਿੰਦਰ ਸਿੰਘ ਔਲਖ, ਡਾ. ਨਿਸ਼ਾਨ ਸਿੰਘ, ਜਤਿੰਦਰ ਜੈਨ ਬੌਬੀ, ਜਗਦੀਪ ਸਿੰਘ ਢਿੱਲੋਂ, ਜਗਜੀਤ ਸਿੰਘ ਸੰਧੂ, ਮੇਵਾ ਸਿੰਘ ਬਰਨ, ਸੁਖਦੇਵ ਸਿੰਘ ਚੈਨੇਵਾਲਾ, ਨਿੱਕਾ ਭੂੰਦੜ, ਅਵਤਾਰ ਸਿੰਘ ਤਾਰੀ, ਕਾਕਾ ਬਰਾੜ, ਅਕਾਲੀ ਦਲ ਦੇ ਵਰਕਰ ਅਤੇ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ ਹਾਜ਼ਰ ਸਨ।