ਲੁਧਿਆਣਾ ਦੇ ਅਕਾਲੀ ਸ਼ਾਇਦ ਅੱਜ ਨਸ਼ੇ ਬਾਰੇ ਬੋਲਣ!

07/03/2018 11:30:36 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਲੋਕ ਚਿੱਟੇ ਦੇ ਖਿਲਾਫ ਸੜਕਾਂ 'ਤੇ ਆ ਚੁੱਕੇ ਹਨ ਅਤੇ ਰਾਜ ਕਰਦੀ ਕਾਂਗਰਸ ਪਾਰਟੀ ਨੂੰ ਲੋਕ ਨਸ਼ੇ ਦੇ ਮੁੱਦੇ 'ਤੇ ਪਾਣੀ ਪੀ-ਪੀ ਕੇ ਕੋਸ ਰਹੇ ਹਨ। ਉੱਥੇ ਲੁਧਿਆਣਾ ਦੇ ਦੋ ਆਜ਼ਾਦ ਵਿਧਾਇਕਾਂ ਨੇ ਵੀ ਨਸ਼ੇ ਦੇ ਮਾਮਲੇ 'ਤੇ ਪੁਲਸ ਅਤੇ ਸਰਕਾਰ ਦੇ ਤੰਤਰ ਨੂੰ ਨੰਗਾ ਕੀਤਾ ਹੈ, ਜਿਸ ਦੀ ਕੂਕ ਚੰਡੀਗੜ੍ਹ ਤੱਕ ਪੁੱਜੀ ਹੈ ਅਤੇ ਮਹਾਂਨਗਰ 'ਚ ਬੈਠੀ ਅਕਾਲੀ ਦਲ ਦੀ ਫੌਜ, ਜਿਸ ਦੇ ਤਿੰਨ ਦਰਜਨ ਤੋਂ ਵੱਧ ਅਕਾਲੀ ਨੇਤਾ ਸੀਨੀਅਰ ਹਨ, ਉਨ੍ਹਾਂ ਨੇ ਅਜੇ ਤੱਕ ਚਿੱਟੇ ਦੇ ਮਾਮਲੇ 'ਤੇ ਆਪਣੀ ਚੁੱਪ ਨਹੀਂ ਤੋੜੀ ਹੈ। ਸ਼ਾਇਦ ਮੰਗਲਵਾਰ ਨੂੰ ਉਹ ਮੀਡੀਆ 'ਚ ਆਪਣੀ ਚੁੱਪ ਤੋੜਨਗੇ ਕਿਉਂਕਿ ਹੁਣ ਮੀਡੀਆ 'ਚ ਖਬਰਾਂ ਨੇ ਜਨਮ ਲੈ ਲਿਆ ਹੈ।
ਅਕਾਲੀਆਂ ਦੀ ਚੁੱਪ 'ਤੇ ਇਕ ਬਜ਼ੁਰਗ ਆਗੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਚਿੱਟੇ ਨਸ਼ੇ ਨੇ ਅਕਾਲੀਆਂ ਹੱਥੋਂ ਇਨ੍ਹਾਂ ਦੀ ਸਰਕਾਰ ਖੋਹ ਲਈ ਸੀ। ਇਸ ਲਈ ਹੁਣ ਇਹ ਸਹਿਮੇ ਹੋਏ ਹਨ ਕਿ ਉਹ ਕਿਵੇਂ ਬੋਲਣ। ਜੇਕਰ ਬੋਲਦੇ ਹੀ ਹਨ ਤਾਂ ਉਹ ਲੋਕਾਂ ਨੂੰ ਕੀ ਕਹਿਣਗੇ ਕਿ ਇਹ ਚਿੱਟਾ ਨਸ਼ਾ ਕਦੋਂ ਅਤੇ ਕਿਵੇਂ ਬੰਦ ਹੋਵੇਗਾ ਕਿਉਂਕਿ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਹੈ ਅਤੇ ਇਸ ਚਿੱਟੇ ਨਸ਼ੇ ਦਾ ਖੂਬ ਬੋਲਬਾਲਾ ਰਿਹਾ ਹੈ। ਸ਼ਾਇਦ ਇਹ ਅਕਾਲੀ ਨੇਤਾ ਅੱਜ-ਕੱਲ੍ਹ ਚੁੱਪ ਰਹਿਣਾ ਹੀ ਬਿਹਤਰ ਸਮਝ ਰਹੇ ਹਨ।