ਪੰਜਾਬ ''ਚ ਹਾਰਨ ਤੋਂ ਬਾਅਦ ''ਅਕਾਲੀ ਦਲ'' ਲਈ ਖੜ੍ਹੀ ਹੋਈ ਮੁਸੀਬਤ

05/31/2019 3:41:40 PM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ 10 'ਚੋਂ 8 ਸੀਟਾਂ 'ਤੇ ਹਾਰ ਤੋਂ ਬਾਅਦ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ, ਜਿਸ ਦੇ ਤਹਿਤ ਜਿੱਤ ਤੋਂ ਉਤਸ਼ਾਹਤ ਭਾਜਪਾ ਨੇ ਪੰਜਾਬ ਦੀਆਂ ਸੀਟਾਂ ਦੀ ਵੰਡ 'ਚ ਜ਼ਿਆਦਾ ਹਿੱਸੇਦਾਰੀ ਦੇਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਭਾਜਪਾ ਦੇ ਨੇਤਾਵਾਂ ਵਲੋਂ ਲੰਬੇ ਸਮੇਂ ਤੋਂ ਪੰਜਾਬ 'ਚ ਅਕਾਲੀ ਦਲ ਦੇ ਨਾਲ ਗਠਜੋੜ ਦੇ ਤਹਿਤ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਰ ਵਾਰ ਹਾਈਕਮਾਨ ਵਲੋਂ ਦਖਲ ਦੇ ਕੇ ਵਿਵਾਦ ਨੂੰ ਸ਼ਾਂਤ ਕਰ ਲਿਆ ਜਾਂਦਾ ਹੈ।
ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਵਲੋਂ ਹਾਈਕਮਾਨ ਅਤੇ ਅਕਾਲੀ ਦਲ ਦੇ ਸਾਹਮਣੇ ਸੀਟਾਂ ਦਾ ਹਿੱਸਾ ਵਧਾਉਣ ਦਾ ਮੁੱਦਾ ਚੁੱਕਿਆ ਗਿਆ ਪਰ ਵਿਧਾਨ ਸਭਾ ਚੋਣਾਂ 'ਚ ਕਾਫੀ ਖਰਾਬ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ। ਹੁਣ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਪੰਜਾਬ ਦੀਆਂ 10 'ਚੋਂ 8 ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਭਾਜਪਾ ਨੇ ਤਿੰਨ 'ਚੋਂ ਦੋ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਵਲੋਂ ਆਪਣੇ ਹਿੱਸੇ ਦੀਆਂ ਸੀਟਾਂ 'ਤੇ ਚੰਗਾ ਪ੍ਰਦਰਸ਼ਨ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ, ਜਿਸ ਨੂੰ ਆਧਾਰ ਬਣਾ ਕੇ ਸੀਟਾਂ ਦੇ ਹਿੱਸੇ ਵਿਚ ਇਜ਼ਾਫਾ ਕਰਨ ਦੀ ਮੰਗ ਤੇਜ਼ ਕੀਤੀ ਗਈ ਹੈ।

ਇਸ 'ਤੇ ਮੋਹਰ ਲਾਉਂਦੇ ਹੋਏ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਵਰਕਰ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਮੁਕਾਬਲੇ ਸੀਟਾਂ ਦੀ ਗਿਣਤੀ ਵਧਾਉਣ ਦੀ ਮੰਗ ਕਰ ਰਿਹਾ ਹੈ ਕਿਉਂਕਿ ਪੰਜਾਬ ਦੇ ਕਈ ਜ਼ਿਲਿਆਂ 'ਚ ਮਜ਼ਬੂਤ ਆਧਾਰ ਹੋਣ ਦੇ ਬਾਵਜੂਦ ਭਾਜਪਾ ਦੇ ਉਮੀਦਵਾਰ ਨਹੀਂ ਹੁੰਦੇ। ਸ਼ਰਮਾ ਦੇ ਮੁਤਾਬਕ ਅੱਜ ਦੇਸ਼ ਦੇ ਉਨ੍ਹਾਂ ਹਿੱਸਿਆਂ 'ਚ ਮੋਦੀ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ ਹੈ, ਜਿੱਥੇ ਪਹਿਲਾਂ ਭਾਜਪਾ ਦਾ ਕੋਈ ਖਾਸ ਆਧਾਰ ਨਹੀਂ ਸੀ ਤਾਂ ਪੰਜਾਬ 'ਚ ਭਾਜਪਾ ਵਰਕਰਾਂ ਵਲੋਂ ਅਜਿਹੀ ਮੰਗ ਕਰਨਾ ਜਾਇਜ਼ ਹੈ, ਜੋ ਹੁਣ ਜ਼ੋਰ ਫੜਨ ਲੱਗੀ ਹੈ।
ਸੋਸ਼ਲ ਮੀਡੀਆ 'ਤੇ ਵੀ ਚੱਲ ਰਹੀ ਹੈ ਡ੍ਰਾਈਵ
ਪੰਜਾਬ ਵਿਚ ਅਕਾਲੀ ਦਲ ਨਾਲ ਗਠਜੋੜ ਦੇ ਤਹਿਤ ਸੀਟਾਂ ਦੀ ਗਿਣਤੀ ਵਧਾਉਣ ਲਈ ਜਿੱਥੇ ਕਈ ਆਗੂਆਂ ਨੇ ਮੀਡੀਆ ਵਿਚ ਖੁੱਲ੍ਹ ਕੇ ਬੋਲ ਦਿੱਤਾ ਹੈ, ਉੱਥੇ ਸੋਸ਼ਲ ਮੀਡੀਆ 'ਤੇ ਵੀ ਡ੍ਰਾਈਵ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਅਕਾਲੀ ਦਲ ਨੂੰ ਸ਼ਹਿਰੀ ਸੀਟਾਂ 'ਤੇ ਮੋਦੀ ਲਹਿਰ ਦਾ ਫਾਇਦਾ ਮਿਲਣ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੇ ਨਾਲ ਅੱਧੀਆਂ ਸੀਟਾਂ ਦੀ ਵੰਡ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਚੋਣ ਨਤੀਜਿਆਂ ਸਬੰਧੀ ਵੀ ਮੇਲ ਨਹੀਂ ਖਾਂਦੀ ਅਕਾਲੀ ਅਤੇ ਭਾਜਪਾ ਦੀ ਰਾਏ
ਸੀਟਾਂ ਦੀ ਵੰਡ ਵਾਲੀ ਖਿੱਚੋਤਾਣ ਸ਼ੁਰੂ ਹੋਣ ਤੋਂ ਇਲਾਵਾ ਇਕ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਚੋਣ ਨਤੀਜੇ ਨੂੰ ਲੈ ਕੇ ਵੀ ਅਕਾਲੀ ਅਤੇ ਭਾਜਪਾ ਦੀ ਰਾਏ ਮੇਲ ਨਹੀਂ ਖਾਂਦੀ ਕਿਉਂਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿਚ ਪਾਰਟੀ ਦੇ ਪ੍ਰਦਰਸ਼ਨ 'ਤੇ ਤਸੱਲੀ ਪ੍ਰਗਟ ਕੀਤੀ ਗਈ ਹੈ, ਜਦੋਂ ਕਿ ਕਮਲ ਸ਼ਰਮਾ ਇਸ ਤੋਂ ਸਹਿਮਤ ਨਹੀਂ ਹਨ, ਜਿਨ੍ਹਾਂ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਫੇਲ ਹੋਣ ਅਤੇ ਗੁੱਟਬਾਜ਼ੀ ਦੇ ਬਾਵਜੂਦ ਕਾਂਗਰਸ ਨੇ 8 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਸ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਨੂੰ ਇਕੱਠੇ ਬੈਠ ਕੇ ਚਿੰਤਨ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਗਠਜੋੜ ਨੂੰ ਇਕ ਵਾਰ ਜਨਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਕਿ ਲਗਾਤਾਰ ਦੋ ਵਾਰ। ਇੱਥੋਂ ਤੱਕ ਕਿ ਮੋਦੀ ਲਹਿਰ ਦੇ ਬਾਵਜੂਦ ਦੋਆਬਾ ਦਾ ਦਲਿਤ ਵੋਟਰ ਅਕਾਲੀ-ਭਾਜਪਾ ਤੋਂ ਦੂਰ ਹੋ ਗਿਆ ਹੈ।
ਇਸ ਤਰ੍ਹਾਂ ਹੁੰਦੀ ਹੈ ਅਕਾਲੀ ਦਲ ਅਤੇ ਭਾਜਪਾ ਵਿਚ ਸੀਟਾਂ ਦੀ ਵੰਡੀ
ਕੁੱਲ ਵਿਧਾਨ ਸਭਾ ਸੀਟਾਂ : 117, ਅਕਾਲੀ ਦਲ ਨੇ ਚੋਣ ਲੜੀ 94 'ਤੇ
ਭਾਜਪਾ ਨੇ ਚੋਣ ਲੜੀ : 23 'ਤੇ
ਅਕਾਲੀ ਦਲ ਨੂੰ ਜਿੱਤ ਮਿਲੀ : 15 'ਤੇ
ਭਾਜਪਾ ਨੂੰ ਜਿੱਤ ਮਿਲੀ : 2 'ਤੇ
ਕੁਲ ਲੋਕ ਸਭਾ ਸੀਟਾਂ : 13
ਅਕਾਲੀ ਦਲ ਨੇ ਚੋਣ ਲੜੀ : 10 'ਤੇ
ਭਾਜਪਾ ਨੇ ਚੋਣ ਲੜੀ : 3 'ਤੇ
ਅਕਾਲੀ ਦਲ ਨੂੰ ਜਿੱਤ ਮਿਲੀ : 2 'ਤੇ
ਭਾਜਪਾ ਨੂੰ ਜਿੱਤ ਮਿਲੀ : 2 'ਤੇ

 

Babita

This news is Content Editor Babita