ਅਕਾਲੀ ਦਲ ਵਪਾਰ ਵਿੰਗ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

06/26/2020 6:21:28 PM

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਬਾਦਲ ਵਪਾਰ ਤੇ ਉਦਯੋਗ ਵਿੰਗ ਦੇ ਨੁਮਾਇੰਦਿਆਂ ਵੱਲੋਂ ਅੱਜ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਦਕਾ ਸੂਬੇ ਦਾ ਵਪਾਰ ਅਤੇ ਉਦਯੋਗ ਤਬਾਹੀ ਕੰਡੇ ਆ ਪੁੱਜਾ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰ ਲੋਕਾਂ ਦੇ ਕਾਰੋਬਾਰ ਬਚਾਉਣ ਲਈ ਥੋੜ੍ਹੀ ਜਿਹੀ ਵੀ ਗੰਭੀਰ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਘੂ ਤੇ ਦਰਮਿਆਨੇ ਉਦਯੋਗਾਂ ਲਈ ਵਿਸ਼ੇਸ਼ ਪੈਕੇਜ ਜਾਰੀ ਕਰੇ, ਇੰਡਸਟਰੀਜ ਅਤੇ ਵਪਾਰ ਖੇਤਰ ਨੂੰ ਸੂਬੇ ਦੇ ਹਿੱਸੇ ਦਾ 6 ਮਹੀਨੇ ਦਾ ਜੀ.ਐੱਸ.ਟੀ.ਆਪਣੇ ਕੋਲ ਬਰਕਰਾਰ ਰੱਖਣ ਅਤੇ ਇੰਡਸਟਰੀਜ ਸੈਕਟਰ ਲਈ ਫਿਕਸ ਬਿਜਲੀ ਚਾਰਜ਼ਿਜ਼ ਮੁਆਫ ਕਰਨ ਦਾ ਵਾਅਦਾ ਵੀ ਪੂਰਾ ਕੀਤਾ ਜਾਵੇ।

ਮਰਵਾਹਾ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਅਤੇ ਪ੍ਰਾਪਰਟੀ ਟੈਕਸ ਮੁਆਫ਼ ਕੀਤੇ ਜਾਣ ਅਤੇ ਸੂਬਾ ਸਰਕਾਰ ਡੀਜ਼ਲ, ਪੈਟਰੋਲ ਤੋਂ ਆਪਣੇ ਹਿੱਸੇ ਦੀ ਜੀ.ਐੱਸ.ਟੀ. ਮੁਆਫ਼ ਕਰਕੇ ਪੰਜਾਬ ਵਾਸੀਆ ਨੂੰ ਰਾਹਤ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਜਿੰਨਾ ਨੂੰ ਗੁਆਂਢੀ ਸੂਬਿਆਂ ਦੀਆ ਸਰਕਾਰਾਂ ਜਿਥੇ ਕਈ ਤਰ੍ਹਾਂ ਦੀਆਂ ਰਾਹਤਾਂ ਦੇ ਕੇ ਮੁੜ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹਨ, ਉਥੇ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਆਰਥਿਕ ਪੱਖੋਂ ਹੋਰ ਕੰਮਜ਼ੋਰ ਕਰਕੇ 2 ਵੇਲੇ ਦੀ ਰੋਟੀ ਤੋਂ ਵੀ ਆਤੁਰ ਕਰਨ 'ਤੇ ਤੁਲੀ ਹੋਈ ਹੈ। ਮਰਵਾਹਾ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਸੂਬੇ ਦੇ ਵਿਪਾਰ ਤੇ ਉਦਯੋਗ ਨੂੰ ਬਚਾਉਣ ਲਈ ਰਾਹਤ ਪ੍ਰਦਾਨ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਵਪਾਰਵਿੰਗ ਪੰਜਾਬ ਦੇ ਪ੍ਰਧਾਨ ਐਨ.ਕੇ.ਸ਼ਰਮਾ ਦੀ ਅਗਵਾਈ ਹੇਠ ਕਾਗਰਸ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Gurminder Singh

This news is Content Editor Gurminder Singh