ਪੰਜਾਬ ''ਚ ਇਕ ਹੋਰ ਅਕਾਲੀ ਦਲ!

12/02/2018 6:18:29 PM

ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਜਿਹੀ ਪੰਥਕ ਪਾਰਟੀ ਜਿਸਦਾ ਇਤਿਹਾਸ ਵਡਮੁੱਲਾ ਹੋਣ ਦੇ ਨਾਲ-ਨਾਲ ਕਾਫੀ ਪੁਰਾਣਾ ਵੀ ਹੈ। ਅਸੀਂ ਇਕੱਲੇ ਅਕਾਲੀ ਦਲ ਬਾਦਲ ਦੀ ਗੱਲ ਹੀ ਨਹੀਂ ਕਰ ਰਹੇ, ਸਗੋਂ ਅਕਾਲੀ ਦਲ ਦੇ ਇਸ ਘੇਰੇ 'ਚ ਤਮਾਮ ਉਹ ਧੜੇ ਆਉਂਦੇ ਹਨ, ਜੋ ਸਮੇਂ-ਸਮੇਂ 'ਤੇ ਅਕਾਲੀ ਦਲ ਦੇ ਨਾਂ ਨਾਲ ਹੋਂਦ 'ਚ ਆਏ। ਅੱਜ ਅਸੀਂ ਸਿਰਫ ਪੰਜਾਬ ਦੇ ਅਕਾਲੀ ਦਲਾਂ ਬਾਰੇ ਹੀ ਗੱਲ ਕਰਾਂਗੇ ਤਾਂ ਇਨ੍ਹਾਂ ਅਕਾਲੀ ਦਲਾਂ 'ਚ ਖਾਸਕਰ ਸ਼੍ਰੋਮਣੀ ਅਕਾਲੀ ਦਲ (ਬਾਦਲ), ਅਕਾਲੀ ਦਲ (ਅੰਮ੍ਰਿਤਸਰ) ਤੇ ਅਕਾਲੀ ਦਲ (ਲੌਂਗੋਵਾਲ) ਆਦਿ ਦੇ ਨਾਂ ਮੁਸ਼ਾਰ ਹਨ ਹਾਲਾਂਕਿ ਮੌਜੂਦਾ ਸਮੇਂ 'ਚ ਅਕਾਲੀ ਦਲ ਬਾਦਲ ਤੇ ਅਕਾਲੀ ਦਲ (ਅ) ਹੀ ਸਰਗਰਮ ਹਨ। 


ਜੇਕਰ ਪਿਛਲੇ 20-25 ਸਾਲਾਂ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ 'ਤੇ ਸਿਰਫ ਅਕਾਲੀ ਦਲ ਬਾਦਲ ਦਾ ਹੀ ਦਬਦਬਾ ਰਿਹਾ ਹੈ ਪਰ ਅੱਜ ਇਸ ਦੇ ਹਾਲਾਤ ਵੀ ਕੋਈ ਬਹੁਤੇ ਸਾਜ਼ਗਾਰ ਨਹੀਂ ਹਨ। ਬਗਾਵਤਾਂ ਦੇ ਤੂਫਾਨ 'ਚ ਅਕਾਲੀ ਦਲ ਦੀ ਬੇੜੀ ਡਾਵਾਂਡੋਲ ਹੋ ਰਹੀ ਹੈ ਤੇ ਇਸ ਬੇੜੀ ਦੇ ਆਖਰੀ ਕਿੱਲ ਸਾਬਤ ਹੋ ਰਹੇ ਹਨ ਟਕਸਾਲੀ ਆਗੂ। ਉਹ ਟਕਸਾਲੀ ਆਗੂ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਡਾਹ ਕੇ ਅਕਾਲੀ ਦਲ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਪਰ ਪਾਰਟੀ 'ਚ ਆਪਣੀ ਅਣਦੇਖੀ ਦੇ ਚਲਦਿਆਂ ਅੱਜ ਇਹ ਟਕਸਾਲੀ ਅਕਾਲੀ ਦਲ ਨੂੰ ਟੱਕਰ ਦੇਣ ਲਈ ਇਕ ਨਵਾਂ ਅਕਾਲੀ ਦਲ ਇਜ਼ਾਦ ਕਰ ਰਹੇ ਹਨ। ਹਾਂਲਾਂਕਿ ਇਸ ਅਕਾਲੀ ਦਲ ਦੇ ਨਾਂ ਨਾਲ ਉਪਨਾਮ ਕੀ ਲੱਗੇਗਾ ਇਸਦਾ ਫੈਸਲਾ ਨਹੀਂ ਹੋਇਆ ਪਰ ਹਾਂ ਇਕਜੁੱਟ ਹੋਏ ਮਾਝੇ ਦੇ ਟਕਸਾਲੀਆਂ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਜ਼ਰੂਰ ਕਰ ਦਿੱਤਾ ਹੈ। 


ਆਓ, ਹੁਣ ਇਕ ਨਜ਼ਰ ਮਾਰਦੇ ਹਾਂ ਅਕਾਲੀ ਦਲ ਦੇ ਇਤਿਹਾਸ 'ਤੇ ਅਤੇ ਉਨ੍ਹਾਂ ਅਕਾਲੀ ਦਲਾਂ 'ਤੇ ਜੋ ਸਮੇਂ-ਸਮੇਂ 'ਤੇ ਹੋਂਦ 'ਚ ਆਏ। 
13 ਦਸੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ। ਸਰਦਾਰ ਗੁਰਮੁਖ ਸਿੰਘ ਇਸ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਬਣੇ ਪਰ ਮਾਸਟਰ ਤਾਰਾ ਸਿੰਘ ਦੀ ਅਗਵਾਈ 'ਚ ਅਕਾਲੀ ਦਲ ਇਕ ਸ਼ਕਤੀਸ਼ਾਲੀ ਪਾਰਟੀ ਬਣੀ। 1966 'ਚ ਆਧੁਨਿਕ ਪੰਜਾਬ ਬਣਨ ਮਗਰੋਂ ਅਕਾਲੀ ਦਲ ਨੇ ਕਈ ਉਤਾਰ-ਚੜ੍ਹਾਅ ਵੇਖੇ ਅਤੇ ਸਿਆਸੀ ਮੋਰਚੇ 'ਤੇ ਕਾਂਗਰਸ ਨੂੰ ਟੱਕਰ ਦੇਣ ਲਈ ਭਾਜਪਾ ਨਾਲ ਹੱਥ ਮਿਲਾਇਆ। 2003 'ਚ ਅਕਾਲੀ ਦਲ ਨੂੰ ਭਾਰਤੀ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਜੋਂ ਮਾਨਤਾ ਦਿੱਤੀ ਜਿਸ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਸਨ। ਬਦਲਦੇ ਵਕਤ ਨਾਲ ਅਕਾਲੀ ਦਲ 'ਚੋਂ ਕਈ ਧੜੇ ਨਿਕਲੇ ਤੇ ਮਰਜ਼ ਵੀ ਹੋ ਗਏ ਜਿਨ੍ਹਾਂ 'ਚੋਂ ਇਕ ਸੀ ਸਰਬਹਿੰਦ ਅਕਾਲੀ ਦਲ, ਜਿਸਦੀ ਅਗਵਾਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਕੀਤੀ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਪੰਥਕ), ਜੋ ਬਾਅਦ 'ਚ ਕਾਂਗਰਸ 'ਚ ਸ਼ਾਮਲ ਹੋ ਗਿਆ। ਇਸ ਤੋਂ ਇਲਾਵਾ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸਵਰਗਵਾਸੀ ਹਰਚੰਦ ਸਿੰਘ ਲੌਂਗਵਾਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਸ਼੍ਰੋਮਣੀ ਅਕਾਲੀ ਦਲ (1920) ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਦੇ ਇਸ ਧੜੇ ਨੂੰ ਅਕਾਲੀ ਦਲ ਮਾਨ ਵੀ ਕਹਿੰਦੇ ਹਨ। 


ਇਨ੍ਹਾਂ 'ਚੋਂ ਅੱਜ ਸਿਆਸਤ 'ਚ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਜ਼ਿਆਦਾ ਸਰਗਰਮ ਹੈ ਜਦਕਿ ਅਕਾਲੀ ਦਲ (ਅੰਮ੍ਰਿਤਸਰ) ਚੋਣਾਂ 'ਚ ਕੁਝ ਖਾਸ ਕਾਰਗੁਜ਼ਾਰੀ ਨਹੀਂ ਵਿਖਾ ਪਾਉਂਦਾ ਹਾਂਲਾਂਕਿ ਅਕਾਲੀ ਦਲ ਬਾਦਲ ਦੇ ਹਾਲਾਤ ਵੀ ਕੁਝ ਖਾਸ ਚੰਗੇ ਨਹੀਂ ਹਨ। ਅਜਿਹੇ 'ਚ ਅਕਾਲੀ ਦਲ ਬਾਦਲ ਤੋਂ ਖਫਾ ਟਕਸਾਲੀ ਆਗੂ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਨਿਰਮਾਣ ਵੱਲ ਵੱਧ ਗਏ ਹਨ ਹਾਂਲਾਂਕਿ ਇਸ ਅਕਾਲੀ ਦਲ ਦਾ ਨਾਂ, ਸਮਾਂ ਤੇ ਉਮਰ ਤੇ ਇਸਦਾ ਅਕਾਲੀ ਦਲ ਬਾਦਲ 'ਤੇ ਕੀ ਅਸਰ ਪੈਂਦਾ ਹੈ, ਇਹ ਵੇਖਣਾ ਬਾਕੀ ਹੈ।

Gurminder Singh

This news is Content Editor Gurminder Singh