ਸੁਖਬੀਰ ਦੀ ਮੀਟਿੰਗ ''ਚ ਅਕਾਲੀਆਂ ਦੇ ਤੇਵਰ ਸਖ਼ਤ, ਭਾਜਪਾ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦੀ ਮੰਗ

09/26/2020 6:33:41 PM

ਪਟਿਆਲਾ (ਬਲਜਿੰਦਰ, ਪਰਮੀਤ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਥੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ। ਇਹ ਮੀਟਿੰਗ 1 ਅਕਤੂਬਰ ਨੂੰ ਰੱਖੇ ਗਏ ਕਿਸਾਨ ਮਾਰਚ ਦੀ ਤਿਆਰੀ ਨੂੰ ਲੈ ਕੇ ਰੱਖੀ ਗਈ ਸੀ। ਇਸ ਵਿਚ ਜ਼ਿਲ੍ਹੇ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਭਾਜਪਾ ਨਾਲ ਗਠਜੋੜ ਤੋੜਨ ਦੀ ਮੰਗ ਕੀਤੀ, ਉਥੇ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀਆਂ ਦਾ ਗਠਜੋੜ ਹੁਣ ਕਿਸਾਨਾਂ ਅਤੇ ਪੰਜਾਬ ਦੇ ਵਸਨੀਕਾਂ ਨਾਲ ਹੈ।

ਇਹ ਵੀ ਪੜ੍ਹੋ :  ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ

ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸਾਫ਼ ਕਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਤ ਪਾਸ ਕੀਤੇ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਆਰ-ਪਾਰ ਦੀ ਲੜਾਈ ਲੜੇਗਾ। ਚੰਦੂਮਾਜਰਾ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਤੋਂ ਉਪਰ ਉੱਠ ਕੇ ਕਿਸਾਨਾਂ ਖਾਤਰ ਇਕਮੁੱਠ ਹੋਣ ਦਾ ਹੋਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਸਵਾਲ ਹੈ।

ਇਹ ਵੀ ਪੜ੍ਹੋ :  ਖੇਤੀ ਬਿੱਲਾਂ 'ਤੇ ਕੇਂਦਰ ਨੂੰ ਅੱਖਾਂ ਵਿਖਾਉਣ ਵਾਲੇ ਅਕਾਲੀ ਦਲ ਦਾ ਇਕ ਹੋਰ ਵੱਡਾ ਬਿਆਨ

Gurminder Singh

This news is Content Editor Gurminder Singh