ਧੱਕਾ ਕਰਨ ਵਾਲੇ ਅਧਿਕਾਰੀਆਂ ਨਾਲ ਨਜਿੱਠਿਆ ਜਾਵੇਗਾ: ਸੁਖਬੀਰ

02/09/2019 9:54:13 AM

ਨਾਭਾ (ਭੁਪਿੰਦਰ ਭੂਪਾ, ਜਗਨਾਰ, ਪੁਰੀ, ਗੋਇਲ, ਜੈਨ)—ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਦੀ ਹਲਕਾਵਾਰ ਸ਼ੁਰੂ ਕੀਤੀ 'ਵਰਕਰ ਮਿਲਣੀ' ਤਹਿਤ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਹਲਕਾ ਨਾਭਾ ਦੇ ਨਵੇਂ ਬਣੇ ਦਫਤਰ ਦਾ ਉਦਘਾਟਨ ਕੀਤਾ। ਉਪਰੰਤ ਨਾਭਾ-ਕਕਰਾਲਾ ਰੋਡ ਸਥਿਤ ਇਕ ਨਿੱਜੀ ਪੈਲੇਸ ਵਿਖੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਵਰਕਰਾਂ ਦੀ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਨਾਲ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਉਨ੍ਹਾਂ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਰਕਾਰ ਤਾਂ ਬਣਾ ਲਈ, ਹੁਣ 2 ਸਾਲ ਬੀਤਣ ਉਪਰੰਤ ਵੀ ਜਦ ਕੋਈ ਵਾਅਦਾ ਪੂਰਾ  ਨਹੀਂ ਕੀਤਾ ਤਾਂ ਉਹ ਲੋਕਾਂ ਨੂੰ ਜਵਾਬ ਦੇਣ ਦੀ ਬਜਾਏ ਲੁਕਦਾ ਫਿਰਦਾ ਹੈ।  ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ ਅਤੇ ਲੋਕ ਸਭਾ ਚੋਣਾਂ 'ਚ ਇਸ ਦਾ ਜਵਾਬ ਦੇਣ ਲਈ ਤਿਆਰ ਬੈਠਾ ਹੈ। 

ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਕਜੁੱਟਤਾ ਨਾਲ ਅਗਾਮੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦੇਣ। ਮਤਭੇਦ ਮਿਟਾ ਕੇ ਲੋਕਾਂ ਨਾਲ ਸੰਪਰਕ ਕਰਨ। ਉਨ੍ਹਾਂ ਹਲਕਾ ਵਾਸੀਆਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਅਕਾਲੀ ਦਲ ਹਲਕਾ ਨਾਭਾ ਦੇ ਇੰਚਾਰਜ ਬਾਬੂ ਕਬੀਰ ਦਾਸ ਬੜੇ ਮਿਹਨਤੀ ਅਤੇ ਈਮਾਨਦਾਰ ਵਿਅਕਤੀ ਹਨ। ਲੋਕ ਸਭਾ ਚੋਣਾਂ 'ਚ ਉਹ ਹੀ ਨਾਭਾ ਹਲਕੇ ਦੇ ਇੰਚਾਰਜ ਹੋਣਗੇ। ਹਲਕਾ ਇੰਚਾਰਜ ਨੂੰ ਬਦਲਣ ਸਬੰਧੀ ਅਫਵਾਹਾਂ ਬਿਲਕੁਲ ਗਲਤ ਹਨ। ਵਿਧਾਨ ਸਭਾ ਚੋਣਾਂ 'ਚ ਬਾਬੂ ਕਬੀਰ ਦਾਸ ਹੀ ਨਾਭਾ ਹਲਕੇ ਤੋਂ ਉਮੀਦਵਾਰ ਹੋਣਗੇ। ਇਸ ਦੌਰਾਨ ਬਾਬੂ ਕਬੀਰ ਦਾਸ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਵੀ ਕੀਤਾ ਗਿਆ। 
ਇਸ ਮੌਕੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਵਿਸ਼ਵ ਪ੍ਰਸਿੱਧ ਕੰਬਾਈਨ ਤੇ ਟਰੈਕਟਰ ਨਿਰਮਾਤਾ ਕੰਪਨੀ ਦੇ ਐੈੱਮ. ਡੀ. ਅਤੇ ਅਕਾਲੀ ਦਲ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ, ਬਿਕਰਮਜੀਤ ਸਿੰਘ ਚੌਹਾਨ, ਗੈਰੀ ਫਾਰਮਜ਼ ਨਾਨੋਕੀ ਦੇ ਐੈੱਮ. ਡੀ. ਅਬਜਿੰਦਰ ਸਿੰਘ ਜੋਗੀ ਗਰੇਵਾਲ, ਪ੍ਰੀਤ ਗਰੁੱਪ ਦੇ ਨਿਰਦੇਸ਼ਕ ਗੁਰਪ੍ਰੀਤ ਸਿੰਘ, ਅਸ਼ੋਕ ਬਾਂਸਲ, ਐਡ. ਯੁਵਰਾਜ ਚੌਹਾਨ, ਸਤਵਿੰਦਰ ਸਿੰਘ ਟੌਹੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕੇ ਦੇ ਅਕਾਲੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Shyna

This news is Content Editor Shyna