2 ਸਾਲਾਂ ''ਚ 5 ਵੱਡੇ ਲੀਡਰਾਂ ਨੇ ਦਿੱਤਾ ਬਾਦਲਾਂ ਨੂੰ ਝਟਕਾ, ਬਗਾਵਤ ਅਜੇ ਵੀ ਜਾਰੀ

01/04/2020 6:45:22 PM

ਜਲੰਧਰ : ਇਕ ਦਹਾਕਾ ਪੰਜਾਬ 'ਚ ਰਾਜ ਕਰਨ ਤੋਂ ਬਾਅਦ ਅਕਾਲੀ ਦਲ ਤੋਂ ਸੱਤਾ ਕੀ ਖੁੱਸੀ ਕਿ ਬਾਗੀ ਸੁਰਾਂ ਵੀ ਸਿਖਰ 'ਤੇ ਪੁੱਜ ਗਈਆਂ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਪਾਰਟੀ 'ਚ ਵਿਰੋਧ ਦੀ ਅਜਿਹੀ ਚੰਗਿਆੜੀ ਉੱਠੀ ਕਿ 2020 ਤਕ ਇਸ ਨੇ ਭਾਂਬੜ ਦਾ ਰੂਪ ਧਾਰ ਲਿਆ। 14 ਦਸੰਬਰ 2020 ਨੂੰ ਅਕਾਲੀ ਦਲ ਆਪਣੇ 100 ਸਾਲ ਪੂਰੇ ਕਰਨ ਜਾ ਰਿਹਾ ਹੈ ਪਰ ਸਾਲ ਦੀ ਸ਼ੁਰੂਆਤ ਵਿਚ ਹੀ ਅਕਾਲੀ ਦਲ ਨੂੰ ਝਟਕਾ ਲੱਗ ਗਿਆ। ਇਹ ਝਟਕਾ ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਪਾਰਟੀ ਪ੍ਰਧਾਨ ਦੀ ਮੰਨਦੇ ਹੋਏ ਲੋਕ ਸਭਾ ਚੋਣ ਲੜਨ ਵਾਲੇ ਪਰਮਿੰਦਰ ਢੀਂਡਸਾ ਨੇ ਦਿੱਤਾ। ਪਰਮਿੰਦਰ ਪਹਿਲਾ ਪੁੱਤ ਨਹੀਂ ਹੈ ਜਿਸ ਨੇ ਪਿਤਾ ਦੀ ਆਵਾਜ਼ ਨੂੰ ਸੁਣਦੇ ਹੋਏ ਅਜਿਹਾ ਕਦਮ ਚੁੱਕਿਆ ਹੈ, ਇਸ ਤੋਂ ਪਹਿਲਾਂ ਮਰਹੂਮ ਲੀਡਰ ਪ੍ਰੇਮ ਸਿੰਘ ਲਾਲਪੁਰਾ, ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਵੀ ਪਿਤਾ ਦੇ ਪੱਖ 'ਚ ਫੈਸਲਾ ਲੈ ਚੁੱਕੇ ਹਨ। ਹੁਣ ਪਰਮਿੰਦਰ ਢੀਂਡਸਾ ਦੇ ਅਸਤੀਫੇ ਨੇ ਸਿਆਸੀ ਗਲਿਆਰਿਆਂ ਵਿਚ ਤੂਫਾਨ ਲੈ ਆਂਦਾ ਹੈ। 

ਆਲਮ ਇਹ ਹੈ ਕਿ ਮਹਿਜ਼ ਦੋ ਸਾਲ ਦੇ ਵਕਫੇ 'ਚ ਹੀ ਪੰਜ ਵੱਡੇ ਲੀਡਰ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਇਨ੍ਹਾਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਉਨ੍ਹਾਂ ਦੇ ਪੁੱਤਰ ਅਮਰਪਾਲ ਬੋਨੀ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸ਼ਾਮਲ ਹਨ। ਭਾਵੇਂ ਸੁਖਦੇਵ ਸਿੰਘ ਢੀਂਡਸਾ ਵੀ ਖੁੱਲ੍ਹ ਕੇ ਬਗਾਵਤ ਕਰ ਚੁੱਕੇ ਹਨ ਪਰ ਉਹ ਅਜੇ ਵੀ ਆਪਣੇ ਆਪ ਨੂੰ ਅਕਾਲੀ ਦਲ ਦਾ ਹਿੱਸਾ ਦੱਸ ਰਹੇ ਹਨ। ਇਸ ਤੋਂ ਇਲਾਵਾ ਛੋਟੇ ਢੀਂਡਸਾ ਨੇ ਵਿਧਾਇਕ ਦਲ ਦੇ ਲੀਡਰ ਤੋਂ ਅਸਤੀਫਾ ਦੇ ਦਿੱਤਾ ਹੈ ਜਦਕਿ ਉਹ ਅਜੇ ਵੀ ਪਾਰਟੀ ਦੇ ਵਿਧਾਇਕ ਹਨ। 

ਦਰਅਸਲ, ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੈਕਟਰੀ ਜਨਰਲ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪਾਰਟੀ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਮੰਗਿਆ ਸੀ। ਸੁਖਬੀਰ ਵਲੋਂ ਅਸਤੀਫਾ ਨਾ ਦੇਣ 'ਤੇ ਬ੍ਰਹਮਪੁਰਾ ਨੇ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਨਹੀਂ ਸੀ ਕਿ ਬ੍ਰਹਮਪੁਰਾ ਨੂੰ ਮਨਾਉਣ ਦਾ ਯਤਨ ਨਹੀਂ ਕੀਤਾ ਗਿਆ ਉਨ੍ਹਾਂ ਮਨਾਉਣ ਦੀ ਕੋਸ਼ਿਸ਼ਾਂ ਹੋਈਆਂ ਪਰ ਬ੍ਰਹਮਪੁਰਾ ਇਸ ਗੱਲ 'ਤੇ ਅੜੇ ਰਹੇ ਕਿ ਵੱਡੇ ਬਾਦਲ ਖੁਦ ਮਨਾਉਣ ਆਉਣ, ਅਜਿਹਾ ਨਹੀਂ ਹੋਇਆ। ਲਗਾਤਾਰ ਬਿਆਨਬਾਜ਼ੀ ਹੁੰਦੀ ਦੇਖ ਸੁਖਬੀਰ ਨੇ ਬ੍ਰਹਮਪੁਰਾ, ਉਨ੍ਹਾਂ ਦੇ ਪੁੱਤਰ ਰਵਿੰਦਰ, ਡਾ. ਅਜਨਾਲਾ ਉਨ੍ਹਾਂ ਦੇ ਪੁੱਤਰ ਅਮਰਪਾਲ ਬੋਨੀ ਅਤੇ ਸੇਵਾ ਸਿੰਘ ਸੇਖਵਾਂ ਖਿਲਾਫ ਸਖਤ ਐਕਸ਼ਨ ਲਿਆ।

ਲਗਭਗ ਇਕ ਸਾਲ ਤੋਂ ਵੱਡੇ ਢੀਂਡਸਾ ਪਾਰਟੀ 'ਚ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ ਹੁਣ ਛੋਟੇ ਢੀਂਡਸਾ ਨੇ ਵੀ ਵਿਧਾਇਕ ਦਲ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਕ ਤੋਂ ਬਾਅਦ ਇਕ ਸੀਨੀਅਰ ਲੀਡਰਾਂ ਦਾ ਪਾਰਟੀ ਤੋਂ ਕਿਨਾਰਾ ਕਰਨਾ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ ਅਤੇ ਇਸ ਨੂੰ ਜੇਕਰ ਜਲਦੀ ਨਾ ਠੱਲਿਆ ਗਿਆ ਤਾਂ ਪਾਰਟੀ ਨੂੰ ਇਸ ਦਾ ਵੱਡਾ ਹਰਜਾਨਾ ਝੱਲਣਾ ਪੈ ਸਕਦਾ ਹੈ।

Gurminder Singh

This news is Content Editor Gurminder Singh