25 ਜਨਵਰੀ ਨੂੰ ਯੂਨਾਈਟਿਡ ਅਕਾਲੀ ਦਲ ਕਰੇਗਾ ਬਹਿਬਲਕਲਾਂ ਗੇਟ ਤੋਂ ਇਨਸਾਫ ਮਾਰਚ

12/23/2019 11:57:10 PM

ਚੰਡੀਗੜ੍ਹ,(ਰਮਨਜੀਤ) : ਯੂਨਾਈਟਿਡ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਜ਼ਿਲਾ ਪ੍ਰਧਾਨਾਂ ਦੀ ਚੰਡੀਗੜ੍ਹ ਵਿਖੇ ਭਰਵੀਂ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਚਿਤਾਵਨੀ ਪੱਤਰ ਦਿੱਤਾ ਗਿਆ। ਚਿਤਾਵਨੀ ਪੱਤਰ 'ਚ ਬਰਗਾੜੀ 'ਚ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਵਲੋਂ ਪਿਛਲੇ ਸਾਲ ਦਸੰਬਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗਤ ਦੀ ਹਾਜ਼ਰੀ 'ਚ ਕੀਤੇ ਵਾਅਦਿਆਂ ਤੋਂ ਸਰਕਾਰ 'ਤੇ ਮੁੱਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਮੁੱਖ ਮੰਤਰੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਦੋਸ਼ੀਆਂ ਅਤੇ ਬਹਿਬਲ-ਕੋਟਕਪੂਰਾ ਗੋਲ਼ੀ ਕਾਂਡ ਦੇ ਦੋਸ਼ੀਆਂ ਦੀ ਬਾਦਲ ਪਿਓ-ਪੁੱਤ ਦੀ ਜੋੜੀ ਨਾਲ ਮਿਲ ਕੇ ਮਦਦ ਕਰਨਾ ਉਨ੍ਹਾਂ ਨੂੰ ਰਾਜਸੀ ਤੌਰ 'ਤੇ ਮਹਿੰਗਾ ਪਵੇਗਾ ਅਤੇ ਇਤਿਹਾਸ 'ਚ ਮੁੱਖ ਮੰਤਰੀ ਦਾ ਨਾਮ ਲਾਲ ਸਿੰਘ ਡੋਗਰਾ, ਤੇਜਾ ਸਿੰਘ ਡੋਗਰਾ, ਪਹਾੜਾ ਸਿੰਘ ਵਾਂਗ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ।

ਚਿਤਾਵਨੀ ਪੱਤਰ 'ਚ ਬਿਜਲੀ ਕੰਪਨੀਆਂ ਨਾਲ ਹੋਏ ਸਾਰੇ ਸਮਝੌਤੇ ਰੱਦ ਕਰਨ, ਸਮਝੌਤਿਆਂ 'ਚ ਹੋਈ ਗੜਬੜ ਦੀ ਪੜਤਾਲ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਅਤੇ ਹੋਰ ਪਲਾਂਟਾਂ ਨੂੰ ਪਰਾਲੀ ਉੱਪਰ ਚਲਾਉਣ ਦੀ ਮੰਗ ਕੀਤੀ। ਇਸ ਨਾਲ ਪੌਣੇ ਚਾਰ ਰੁਪਏ ਪ੍ਰਤੀ ਯੂਨਿਟ ਬਿਜਲੀ ਪੈਦਾ ਹੋਵੇਗੀ ਅਤੇ ਕਿਸਾਨਾਂ ਅਤੇ ਵਾਤਾਵਰਣ ਦੀ ਹਾਲਤ 'ਚ ਸੁਧਾਰ ਹੋਵੇਗਾ। ਪੱਤਰ 'ਚ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸੰਵਿਧਾਨ ਵਿਰੋਧੀ ਦੱਸਿਆ ਅਤੇ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦ ਕੇ ਭਾਜਪਾ ਸਰਕਾਰ ਦੀ ਸੰਵਿਧਾਨ ਵਿਰੋਧੀ ਕਾਰਵਾਈ ਦੀ ਨਿੰਦਾ ਕੀਤੀ ਜਾਵੇ। ਇਸ ਵਿਚ ਦਲਿਤਾਂ ਉਪਰ ਵਧ ਰਹੇ ਅੱਤਿਆਚਾਰ ਨੂੰ ਸਖ਼ਤੀ ਨਾਲ ਰੋਕਣ ਅਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਸ਼ਾਮਲਾਟਾਂ ਦੀ ਜ਼ਮੀਨ ਵੇਚਣ ਦੀ ਨੀਤੀ ਤੁਰੰਤ ਰੋਕਣ ਦੀ ਮੰਗ ਕੀਤੀ। ਪੱਤਰ 'ਚ ਬਠਿੰਡਾ ਦੀ ਗੁਰੂ ਨਾਨਕ ਲਾਇਬ੍ਰੇਰੀ ਬੰਦ ਕਰ ਕੇ ਸ਼ਰਾਬ ਦਾ ਅੱਡਾ ਬਣਾਉਣ ਦੀ ਕਾਰਵਾਈ ਨੂੰ ਬੰਦ ਕਰਨ ਲਈ ਕਿਹਾ। ਮੀਟਿੰਗ 'ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਅਤੇ ਆਉਂਦੀਆਂ ਚੋਣਾਂ ਪਾਰਟੀ ਵਲੋਂ ਪੂਰੀ ਸ਼ਕਤੀ ਨਾਲ ਲੜਨ ਦਾ ਐਲਾਨ ਕੀਤਾ ਗਿਆ। ਉਪਰੋਕਤ ਮੁੱਦਿਆਂ ਉਪਰ 
ਯੂਨਾਈਟਿਡ ਅਕਾਲੀ ਦਲ ਵਲੋਂ ਆਪਣੇ ਵਲੋਂ ਅਤੇ ਆਪਣੀਆਂ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਗਿਆ। ਯੂਨਾਈਟਿਡ ਅਕਾਲੀ ਦਲ ਵਲੋਂ ਲੋਕ ਰਾਏ ਲਾਮਬੰਦ ਕਰਨ ਅਤੇ ਸੰਘਰਸ਼ ਨੂੰ ਜਥੇਬੰਦ ਕਰਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰੋਗਰਾਮ, ਜਿਨ੍ਹਾਂ 'ਚ ਵਿਰਸੇ ਨਾਲ ਜੋੜਨ ਦਸਤਾਰ ਸਜਾਉਣ ਦੀ ਮੁਹਿੰਮ, ਲਾਇਬ੍ਰੇਰੀਆ ਖੋਲ੍ਹਣ, ਦਰੱਖਤ ਲਾਉਣ, ਨਸ਼ਿਆਂ ਅਤੇ ਜਾਤਪਾਤ ਦੀ ਬੁਰਾਈ ਵਿਰੁੱਧ ਲਹਿਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਪੰਜਾਬ 'ਚ ਰਾਜਨੀਤੀ 'ਚੋਂ ਲੁਟੇਰੇ ਮਾਲਕ ਭਾਗੋ ਤੋਂ ਆਜ਼ਾਦੀ ਲੈਣ ਲਈ ਭਾਈ ਲਾਲੋ ਦੇ ਪੈਰੋਕਾਰਾਂ ਕਿਰਤੀ ਲੋਕਾਂ ਨੂੰ ਇਕੱਠੇ ਕਰ ਕੇ ਰਾਜਸੀ ਤੌਰ 'ਤੇ ਨਵੇਂ ਬਦਲ ਲਈ ਅਨੁਸ਼ਾਸਿਤ ਅਤੇ ਸਮਰਪਿਤ ਖਾਲਸਾ ਫੌਜ ਦੀ ਭਰਤੀ ਲਈ ਅਤੇ ਉਪਰੋਕਤ ਮੁੱਦਿਆਂ ਨੂੰ ਲਾਗੂ ਕਰਨ ਲਈ 25 ਜਨਵਰੀ 2020 ਨੂੰ ਬਹਿਬਲ ਕਲਾਂ ਸ਼ਹੀਦੀ ਗੇਟ ਤੋਂ ਇਕ ਦਿਨ ਦਾ ਇਨਸਾਫ਼ ਮਾਰਚ ਕੀਤਾ ਜਾਵੇਗਾ। ਇਨਸਾਫ਼ ਮਾਰਚ ਦੀ ਲੜੀ ਲਗਾਤਾਰ ਜਾਰੀ ਰੱਖੀ ਜਾਵੇਗੀ। ਮੀਟਿੰਗ ਨੂੰ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਆਗੂ ਰਣਬੀਰ ਸਿੰਘ ਬੈਨੀਪਾਲ, ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਲਾਲ ਸਿੰਘ ਸੁਲਹਾਨੀ ਨੇ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਵਲੋਂ ਯੂਨਾਈਟਿਡ ਅਕਾਲੀ ਦਲ ਦਾ ਪੂਰੀ ਸ਼ਕਤੀ ਨਾਲ ਉਪਰੋਕਤ ਮੁੱਦਿਆਂ ਉਪਰ ਸਹਿਯੋਗ ਦੇਣ ਦਾ ਐਲਾਨ ਕੀਤਾ। ਮੀਟਿੰਗ ਨੂੰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਜਨਰਲ ਸਕੱਤਰ ਜਤਿੰਦਰ ਸਿੰਘ ਈਸੜੂ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਬਹਾਦਰ ਸਿੰਘ ਰਾਹੋਂ, ਜਸਵਿੰਦਰ ਸਿੰਘ ਘੋਲੀਆ ਅਤੇ ਧਾਰਮਿਕ ਵਿੰਗ ਦੇ ਆਗੂਆਂ ਬਾਬਾ ਚਮਕੌਰ ਸਿੰਘ ਭਾਈਰੂਪਾ ਅਤੇ ਬਾਬਾ ਬੂਟਾ ਸਿੰਘ ਜੋਧਪੁਰੀ ਨੇ ਸੰਬੋਧਨ ਕੀਤਾ।