ਅਕਾਲੀ ਦਲ ਇਕ ਵਾਰ ਫੇਰ ਲੋਕਾਂ ਦੀਆਂ ਅੱਖਾਂ ''ਚ ਘੱਟਾ ਪਾਉਣ ਦੀ ਕੋਸ਼ਿਸ਼ ''ਚ : ਮੋਫਰ

02/17/2018 11:33:35 AM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਵਾਰਡ ਨੰਬਰ 2 ਦੀ ਉਪ ਚੋਣ 'ਚ ਕਾਗਜ਼ਾਂ ਦੀ ਵਾਪਸੀ ਦੌਰਾਨ ਕਾਂਗਰਸ ਸਮਰਥੱਕ ਦੋ ਆਜ਼ਾਦ ਉਮੀਦਵਾਰ ਰਾਕੇਸ਼ ਕੁਮਾਰ ਘੱਤੂ ਅਤੇ ਬੰਤਾ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਹੇਠ ਵਾਪਸ ਲੈ ਲਏ ਗਏ ਅਤੇ ਇਸ ਵਾਰਡ ਦੀ ਉਪ ਚੋਣ 'ਚ ਤਿੰਨ ਉਮੀਦਵਾਰ ਮੈਦਾਨ 'ਚ ਦੱਸੇ ਜਾਂਦੇ ਹਨ, ਜਿਨ੍ਹਾਂ 'ਚ ਸਿੱਧਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਕਾਗਜ਼ਾਂ ਦੀ ਵਾਪਸੀ ਉਪਰੰਤ ਕਾਂਗਰਸੀ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਅਜੀਤਇੰਦਰ ਮੋਫਰ ਅਤੇ ਸੀਨੀਅਰ ਕਾਂਗਰਸੀ ਆਗੂ ਸੱਤਪਾਲ ਸਿੰਘ ਮੂਲੇਵਾਲਾ ਦੀ ਅਗਵਾਈ 'ਚ ਕਾਂਗਰਸ ਉਮੀਦਵਾਰ ਦੇ ਹੱਕ 'ਚ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ। 
ਇਸ ਮੌਕੇ ਮੋਫਰ ਨੇ ਕਿਹਾ ਕਿ ਦੇਖੋ ਅਕਾਲੀ ਦਲ ਦਾ ਗੁੰਡਾਰਾਜ ਕਿ ਅੱਜ ਅਕਾਲੀ ਦਲ ਵੱਲੋਂ ਵਾਰਡ ਨੰਬਰ 2 ਦੀ ਉਪ ਚੋਣ 'ਚ ਉਤਾਰੇ ਗਏ ਉਮੀਦਵਾਰ ਨੂੰ ਪੁਲਸ ਤਲਾਸ਼ ਕਰ ਰਹੀ ਹੈ, ਜੋ ਇਕ ਮੁਕੱਦਮੇ 'ਚ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰ ਤੋਂ ਸਪੱਸ਼ਟ ਹੈ ਕਿ ਉਹ ਇਕ ਵਾਰ ਫੇਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦ ਕਿ ਕਾਂਗਰਸ ਪਾਰਟੀ ਨੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਤੀਰਥ ਸਿੰਘ ਸਵੀਟੀ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕ ਕਾਂਗਰਸ ਉਮੀਦਵਾਰ ਨੂੰ ਜਿਤਾਉਣ ਲਈ ਆਪਣੇ ਮਨ੍ਹਾ 'ਚ ਫੈਸਲਾ ਕਰ ਚੁੱਕੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਮਨਪ੍ਰੀਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਰਾਜ 'ਚ ਲੁੱਟਣ ਅਤੇ ਕੁੱਟਣ ਦੀ ਨੀਤੀ ਤਹਿਤ ਪੰਜਾਬ ਦੀ ਜਨਤਾ ਨੂੰ ਲੁੱਟਿਆ ਹੈ ਅਤੇ ਮੁੜ ਤੋਂ ਇਹ ਉਪ ਚੋਣ ਰਾਹੀਂ ਗੁੰਡਾਗਰਦੀ ਦੇ ਸਹਾਰੇ ਲੋਕਾਂ 'ਤੇ ਰਾਜ ਕਰਨ ਦੇ ਮਨਸੁੱਬੇ ਪਾਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਦੀ ਉਪ ਚੋਣ 'ਚ ਕਿਸੇ ਵੀ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀਨੀਅਰ ਆਗੂ ਧੀਰਾ ਸਿੰਘ ਬੀਰੋਕੇ ਨੇ ਕਿਹਾ ਕਿ ਵਾਰਡ 'ਚ ਕਾਂਗਰਸੀ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਜ਼ਿਲਾ ਪ੍ਰੀਸ਼ਦ ਮੈਂਬਰ ਖੇਮ ਸਿੰਘ ਜਟਾਣਾ, ਜੀਤ ਸਿੰਘ ਬਖ੍ਹੀਵਾਲਾ, ਦਿਲਬਾਗ ਸਿੰਘ ਗੱਗੀ, ਟਰਾਲੀ ਯੂਨੀਅਨ ਦੇ ਪ੍ਰਧਾਨ ਬੱਲੀ ਦੋਦੜਾ ਆਦਿ ਹਾਜ਼ਰ ਸਨ।