ਮੁਕਤਸਰ : ਚੋਣਾਂ ਦੌਰਾਨ ਭਿੜੇ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਲੋਂ ਹਵਾਈ ਫਾਈਰਿੰਗ

09/19/2018 3:26:33 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ 'ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੇ ਆਪਸ 'ਚ ਭੀੜ ਜਾਣ 'ਤੇ ਵਰਕਰਾਂ ਵਲੋਂ ਹਵਾਈ ਫਾਈਰਿੰਗ ਕਰਨ ਦੀ ਸੂਚਨਾ ਮਿਲੀ ਹੈ। ਮਾਹੌਲ ਤਨਾਅਪੂਰਣ ਹੋ ਜਾਣ 'ਤੇ ਗੁੱਸੇ 'ਚ ਆਏ ਵਰਕਰਾਂ ਨੇ ਇਸ ਮੌਕੇ 2 ਗੱਡੀਆਂ ਦੀ ਭੰਨ-ਤੋੜ ਕਰਨ ਦੇ ਨਾਲ-ਨਾਲ ਪੋਲਿੰਗ ਬੂਥਾਂ ਦੀ ਵੀ ਤੋੜ ਫੋੜ ਕਰ ਦਿੱਤੀ। ਪੋਲਿੰਗ ਬੂਥ ਟੁੱਟਣ ਕਾਰਨ ਕਰੀਬ ਡੇਢ ਘੰਟੇ ਤੱਕ ਪੋਲਿੰਗ ਰੁੱਕ ਗਈ।

ਜ਼ਿਲੇ ਦੇ ਪਿੰਡ ਲੰਬੀ ਢਾਬ ਵਿਖੇ ਅਕਾਲੀ ਦਲ ਦੇ ਪੋਲਿੰਗ ਏਜੰਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰ ਰਮਨਜੀਤ ਕੌਰ ਦਾ ਸਹੁਰਾ ਗੁਰਲਾਲ ਸਿੰਘ ਜੱਸੇਆਣਾ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਕਥਿਤ ਤੌਰ 'ਤੇ ਕਰੀਬ 200 ਵਿਅਕਤੀਆਂ ਨੂੰ ਨਾਲ ਲੈ ਕੇ ਬੂਥ ਨੰ. 153 ਅਤੇ 154 ਵਿਚ ਦਾਖਲ ਹੋ ਗਿਆ। ਉਨ੍ਹਾਂ ਨੇ ਪੋਲਿੰਗ ਏਜੰਟਾਂ ਉੱਪਰ ਹਮਲਾ ਕਰ ਦਿੱਤਾ। ਕਈ ਪੋਲਿੰਗ ਏਜੰਟਾਂ ਦੇ ਸਿਰ ਪਾੜ ਦਿੱਤੇ ਅਤੇ ਫਿਰ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਬੂਥ ਅੰਦਰ ਖੂਨ ਦੇ ਨਿਸ਼ਾਨ ਸਨ। ਬੈਲੇਟ ਬਕਸੇ ਤੇ ਹੋਰ ਸਮੱਗਰੀ ਖਿੱਲਰੀ ਹੋਈ ਸੀ। 
ਇਸ ਦੇ ਰੋਸ ਵਜੋਂ ਲੋਕਾਂ ਨੇ ਹਮਲਾਵਰਾਂ ਦੀ ਕਾਰ (ਪੀ ਬੀ 15 ਯੂ 5469) ਦੀ ਭੰਨ-ਤੋੜ ਕਰ ਦਿੱਤੀ। ਬੂਥ ਨੰ. 153 'ਤੇ ਪੀ. ਆਰ. ਓ. ਅਸ਼ੋਕ ਕੁਮਾਰ ਅਤੇ 153 ਦੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਮੌਕੇ 'ਤੇ ਪੁੱਜੇ ਐੱਸ. ਡੀ. ਐੱਮ. ਰਾਜਪਾਲ ਸਿੰਘ, ਐੱਸ. ਪੀ. (ਐੱਚ.) ਜਸਪਾਲ ਤੇ ਡੀ. ਐੱਸ. ਪੀ. ਤਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। 12:00 ਵਜੇ ਹੋਈ ਉਕਤ ਘਟਨਾ ਤੋਂ ਕਰੀਬ ਡੇਢ ਘੰਟੇ ਬਾਅਦ ਪੋਲਿੰਗ ਸ਼ੁਰੂ ਹੋਈ।