ਆਪਸੀ ਟਕਰਾਅ ਤੋਂ ਗੁਰੇਜ਼ ਕਰਨਗੇ ਅਕਾਲੀ-ਭਾਜਪਾਈ

11/16/2017 10:51:31 AM

ਅੰਮ੍ਰਿਤਸਰ (ਵੜੈਚ) - ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਵਰਕਰ ਕਮਰ ਕੱਸ ਚੁੱਕੇ ਹਨ। ਦੋਵੇਂ ਪਾਰਟੀਆਂ ਦੇ ਆਗੂ ਆਪਣੇ ਮੋਹਤਬਰ ਵਰਕਰਾਂ ਨਾਲ ਬੈਠਕਾਂ ਕਰ ਰਹੇ ਹਨ। ਦੇਖਣਯੋਗ ਇਹ ਵੀ ਹੈ ਕਿ ਪਿਛਲੀਆਂ ਨਿਗਮ ਚੋਣਾਂ ਦੌਰਾਨ ਗਠਜੋੜ ਤਾਰ-ਤਾਰ ਨਜ਼ਰ ਆਇਆ ਸੀ ਅਤੇ ਵਾਰਡ ਨੰ. 14 ਅਤੇ 53 ਵਿਚ ਅਕਾਲੀ-ਭਾਜਪਾ ਦੇ ਉਮੀਦਵਾਰ ਆਹਮੋ-ਸਾਹਮਣੇ ਹੋ ਕੇ ਪਾਰਟੀ ਦੇ ਨਿਸ਼ਾਨਾਂ 'ਤੇ ਚੋਣ ਲੜੇ ਸਨ ਪਰ ਇਸ ਵਾਰ ਸਰਕਾਰ ਕਾਂਗਰਸ ਦੀ ਹੋਣ ਕਰ ਕੇ ਅਕਾਲੀ-ਭਾਜਪਾ ਦੇ ਉੱਚ ਨੇਤਾ ਦੁਬਾਰਾ ਪਹਿਲਾਂ ਵਾਲੀਆਂ ਗਲਤੀਆਂ ਨਾ ਹੋਣ ਦੇ ਵਿਸ਼ਿਆਂ 'ਤੇ ਵਿਚਾਰ ਕਰ ਰਹੇ ਹਨ। ਇਸ ਗੱਲ ਨੂੰ ਲੈ ਕੇ ਜ਼ਿਲਾ ਭਾਜਪਾ ਪ੍ਰਧਾਨ ਰਜੇਸ਼ ਹਨੀ ਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਉੱਚ ਨੇਤਾਵਾਂ ਦੇ ਨਿਰਦੇਸ਼ਾਂ ਅਨੁਸਾਰ 3 ਵਾਰ ਬੈਠਕਾਂ ਕਰ ਚੁੱਕੇ ਹਨ। ਜ਼ਿਲੇ ਦੇ ਦੋਵਾਂ ਨੇਤਾਵਾਂ ਦੇ ਯਤਨ ਹਨ ਕਿ ਹਰੇਕ ਵਾਰਡ ਵਿਚ ਕਾਂਗਰਸ ਦੀਆਂ ਜਨ ਵਿਰੋਧੀ ਨੀਤੀਆਂ ਦਾ ਪ੍ਰਚਾਰ ਕਰ ਕੇ ਬਿਨਾਂ ਕਿਸੇ ਭੇਦਭਾਵ ਦੇ ਆਪਸੀ ਮੇਲ-ਮਿਲਾਪ ਨਾਲ ਚੋਣਾਂ ਲੜੀਆਂ ਜਾਣ ਤਾਂ ਕਿ ਸਾਹਮਣੇ ਖੜ੍ਹੀ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਨੂੰ ਪੂਰੀ ਟੱਕਰ ਦਿੱਤੀ ਜਾ ਸਕੇ। ਅਕਾਲੀ-ਭਾਜਪਾ ਪਾਰਟੀ ਦੇ ਨੇਤਾਵਾਂ ਵੱਲੋਂ ਕਈਆਂ ਨੂੰ ਅੰਦਰਖਾਤੇ ਪਿੱਠ 'ਤੇ ਥਾਪੀਆਂ ਦੇ ਕੇ ਚੋਣ ਮੈਦਾਨ 'ਚ ਡਟ ਕੇ ਜਨਸੰਪਰਕ ਕਰਨ ਦੇ ਇਸ਼ਾਰੇ ਵੀ ਦਿੱਤੇ ਜਾ ਰਹੇ ਹਨ।
ਚੋਣਾਂ ਦੀ ਤਰੀਕ ਦਾ ਬੇਸ਼ੱਕ ਐਲਾਨ ਨਹੀਂ ਹੋਇਆ ਪਰ ਦਿਨੋ-ਦਿਨ ਚੋਣ ਮੈਦਾਨ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਵਾਰਡ ਵਿਚ ਅਕਾਲੀ ਦਲ ਨੇ ਪਹਿਲਾਂ ਚੋਣ ਲੜੀ ਸੀ ਉਸੇ ਵਾਰਡ ਵਿਚ ਦੁਬਾਰਾ ਅਕਾਲੀ ਉਮੀਦਵਾਰ ਦੇ ਖੜ੍ਹੇ ਹੋਣ ਦੇ ਆਸਾਰ ਹਨ। ਵਧੀਆ ਵਾਰਡਾਂ 'ਚੋਂ ਅਕਾਲੀ ਦਲ 10 ਹੋਰ ਵਾਰਡ ਮੰਗ ਰਿਹਾ ਹੈ ਪਰ ਭਾਜਪਾ ਅਨੁਸਾਰ ਵੰਡ ਮੁਤਾਬਕ ਅਕਾਲੀ ਦਲ ਦੇ ਹਿੱਸੇ 7 ਹੋਰ ਨਵੇਂ ਵਾਰਡ ਆਉਣਗੇ। 
51 'ਤੇ ਭਾਜਪਾ, 34 'ਤੇ ਅਕਾਲੀ ਉਮੀਦਵਾਰ ਹੋਣਗੇ
ਪਿਛਲੀਆਂ ਚੋਣਾਂ ਦੌਰਾਨ 65 'ਚੋਂ 38 ਵਾਰਡਾਂ ਵਿਚ ਭਾਜਪਾ ਅਤੇ 27 ਵਾਰਡਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਹੁਣ 65 ਤੋਂ ਵੱਧ ਕੇ 85 ਹੋਏ ਵਾਰਡਾਂ ਵਿਚ 51 ਵਾਰਡਾਂ 'ਚ ਭਾਜਪਾ ਤੇ 34 ਵਾਰਡਾਂ ਵਿਚ ਅਕਾਲੀ ਦਲ (ਬ) ਦੇ ਉਮੀਦਵਾਰ ਐਲਾਨੇ ਜਾਣ ਦੇ ਸਮਾਚਾਰ ਹਨ। ਇਸ ਵਾਰ ਦੋਵਾਂ ਪਾਰਟੀਆਂ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਕਿ ਜੋ ਲੋਕ ਚੋਣ ਜਿੱਤਣ ਦੀ ਪੂਰੀ ਸਮਰੱਥਾ ਰੱਖਦੇ ਹਨ ਉਨ੍ਹਾਂ ਨੂੰ ਹੀ ਟਿਕਟ ਦਿੱਤੀ ਜਾਵੇਗੀ ਅਤੇ ਅਕਾਲੀ-ਭਾਜਪਾ ਦੇ ਨੇਤਾ ਤੇ ਵਰਕਰ ਇਕਜੁਟ ਹੋ ਕੇ ਚੋਣ ਲੜਨਗੇ। ਟਿੱਕਾ ਨੇ ਕਿਹਾ ਕਿ ਬੈਠਕਾਂ ਦੌਰਾਨ ਚੋਣਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਕਿਸ ਵਾਰਡ ਵਿਚ ਕਿਹੜਾ ਅਕਾਲੀ ਉਮੀਦਵਾਰ ਪਾਵਰਫੁਲ ਹੈ, ਉਸ 'ਤੇ ਵੀ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚੋਣਾਂ ਲਈ ਕਮਰ ਕੱਸ ਚੁੱਕਾ ਹੈ ਅਤੇ ਇਸ ਵਾਰ ਵੀ ਨਿਗਮ ਹਾਊਸ ਵਿਚ ਅਕਾਲੀ-ਭਾਜਪਾ ਕੌਂਸਲਰਾਂ ਦਾ ਬਹੁਮਤ ਹੀ ਹੋਵੇਗਾ।
ਜ਼ਮੀਨੀ ਪੱਧਰ 'ਤੇ ਵਰਕਰਾਂ ਦੀਆਂ ਸਰਗਰਮੀਆਂ ਤੇਜ਼
ਗਠਜੋੜ ਵੱਲੋਂ ਕਾਂਗਰਸ ਦੀਆਂ ਗਲਤ ਨੀਤੀਆਂ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀਆਂ ਸੁਰਖੀਆਂ ਦੇ ਨਾਲ-ਨਾਲ ਗਠਜੋੜ ਕਿਸੇ ਪੱਧਰ 'ਤੇ ਪਿੱਛੇ ਨਹੀਂ ਰਹਿਣਾ ਚਾਹੁੰਦਾ ਹੈ, ਜਿਸ ਨੂੰ ਲੈ ਕੇ ਜਿਥੇ ਜ਼ਿਲਾ ਪ੍ਰਧਾਨ ਵੱਲੋਂ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਉਥੇ ਵਾਰਡ ਪੱਧਰ 'ਤੇ ਚਾਹਵਾਨ ਸੰਭਾਵੀ ਉਮੀਦਵਾਰ ਆਪਣੇ ਸਾਥੀਆਂ ਨਾਲ ਘਰ-ਘਰ ਜਾ ਕੇ ਸੰਪਰਕ ਕਰ ਰਹੇ ਹਨ। ਵਰਕਰਾਂ ਨੇ ਹੇਠਲੇ ਪੱਧਰ 'ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।