ਪਾਕਿ ਰੇਂਜਰਾਂ ਨੇ ਸਰਹੱਦ ਤੋਂ ਫੜਿਆ ਪਾਕਿਸਤਾਨੀ ਨਾਗਰਿਕ ਵਾਪਸ ਲੈਣ ਤੋਂ ਕੀਤਾ ਇਨਕਾਰ

01/04/2019 10:30:20 AM

ਅਜਨਾਲਾ (ਵਰਿੰਦਰ) : ਬੀ. ਐੱਸ. ਐੱਫ. ਦੀ 88 ਬਟਾਲੀਅਨ ਵਲੋਂ ਸਰਹੱਦੀ ਤਹਿਸੀਲ ਅਜਨਾਲਾ 'ਚ ਪੈਂਦੀ ਚੌਕੀ ਮੂਲਾਕੋਟ ਨੇੜਿਓਂ ਕੰਡਿਆਲੀ ਤਾਰ ਤੋਂ ਪਾਰ ਕਾਬੂ ਕੀਤੇ ਪਾਕਿਸਤਾਨੀ ਨਾਗਰਿਕ ਨੂੰ ਪਾਕਿ ਰੇਂਜਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਡਿਊਟੀ 'ਤੇ ਤਾਇਨਾਤ ਬੀ. ਐੱਸ. ਐੱਫ. 88 ਬਟਾਲੀਅਨ ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ 'ਚ ਦਾਖਲ ਹੋਏ ਇਕ ਨਾਗਰਿਕ ਨੂੰ ਕਾਬੂ ਕੀਤਾ ਸੀ, ਜਿਸ ਨੇ ਆਪਣੀ ਪਛਾਣ ਰਿਆਸਤ ਅਲੀ ਪੁੱਤਰ ਖਾਨ ਮੁਹੰਮਦ ਵਾਸੀ ਧਾਰੀਵਾਲ ਫੈਸਲਾਬਾਦ (ਪਾਕਿਸਤਾਨ) ਵਜੋਂ ਦੱਸੀ ਸੀ। 

ਸੂਤਰਾਂ ਅਨੁਸਾਰ ਇਸ ਪਾਕਿਸਤਾਨੀ ਵਿਅਕਤੀ ਕੋਲੋਂ 150 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਬੀ. ਐੱਸ. ਐੱਫ. ਅਧਿਕਾਰੀਆਂ ਵਲੋਂ ਇਸ ਵਿਅਕਤੀ ਦੇ ਭਾਰਤੀ ਖੇਤਰ 'ਚ ਦਾਖਲ ਹੋਣ ਸਬੰਧੀ ਪਾਕਿ ਰੇਂਜਰਾਂ ਨੂੰ ਜਾਣਕਾਰੀ ਦੇਣ ਉਪਰੰਤ ਅੱਜ ਪਾਕਿ ਰੇਂਜਰਾਂ ਨੇ ਇਸ ਵਿਅਕਤੀ ਨੂੰ ਲੈਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਸ ਵਿਅਕਤੀ ਦੇ ਪਿੰਡ ਦਾ ਜੋ ਪਤਾ ਦੱਸਿਆ ਗਿਆ ਹੈ ਉਹ ਸਹੀ ਨਹੀਂ ਹੈ। ਉਧਰ ਅੱਜ ਬੀ. ਐੱਸ. ਐੱਫ. ਅਧਿਕਾਰੀਆਂ ਵੱਲੋਂ ਸਰਹੱਦ ਤੋਂ ਫੜੇ ਗਏ ਇਸ ਪਾਕਿਸਤਾਨੀ ਨਾਗਰਿਕ ਨੂੰ ਥਾਣਾ ਲੋਪੋਕੇ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

Baljeet Kaur

This news is Content Editor Baljeet Kaur