ਲਾਪਤਾ ਨੌਜਵਾਨ ਦੀ ਖੇਤਾਂ 'ਚੋਂ ਵੱਢ-ਟੁੱਕ ਕੀਤੀ ਲਾਸ਼ ਬਰਾਮਦ

12/11/2019 11:07:18 AM

ਅਜਨਾਲਾ (ਬਾਠ, ਫਰਿਆਦ, ਗੁਰਜੰਟ) : ਪਿੰਡ ਸ਼ਾਲੀਵਾਲ 'ਚ ਅੱਜ ਉਸ ਵੇਲੇ ਸੋਗ ਤੇ ਦਹਿਸ਼ਤ ਦਾ ਮਾਹੌਲ ਪਸਰ ਗਿਆ ਜਦੋਂ ਬੀਤੀ 28 ਨਵੰਬਰ ਨੂੰ ਘਰੋਂ ਆਪਣੇ ਦੋਸਤਾਂ ਨਾਲ ਗਏ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਸ਼ਾਲੀਵਾਲ ਕੁਆਰਟਰਾਂ ਦੇ ਕਰੀਬ 35 ਸਾਲਾ ਨੌਜਵਾਨ ਮਨਜੀਤ ਸਿੰਘ ਦੀ ਬੁਰੀ ਤਰ੍ਹਾਂ ਵੱਢ-ਟੁੱਕ ਕੀਤੀ ਲਾਸ਼ ਪਿੰਡ ਸੈਦੋਗਾਜ਼ੀ ਤੇ ਸ਼ੇਖ ਭੱਟੀ ਦੀ ਹੱਦ ਨਾਲ ਪੈਂਦੇ ਕਮਾਦ ਦੇ ਖੇਤ 'ਚੋਂ ਮਿਲੀ। ਜਾਣਕਾਰੀ ਅਨੁਸਾਰ ਬੀਤੀ 28 ਨਵੰਬਰ ਨੂੰ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸ਼ਾਲੀਵਾਲ ਆਪਣੇ 2 ਦੋਸਤਾਂ ਹਰਜਿੰਦਰ ਸਿੰਘ ਜਿੰਦੂ ਪੁੱਤਰ ਕਸ਼ਮੀਰ ਸਿੰਘ ਵਾਸੀ ਹਾਸ਼ਮਪੁਰਾ ਤੇ ਲਾਡੀ ਵਾਸੀ ਜਲਾਲਾਬਾਦ ਨਾਲ ਘਰੋਂ ਟਰੱਕ 'ਤੇ ਰੇਤ ਦੀ ਢੋਆ-ਢੁਆਈ ਦਾ ਫੇਰਾ ਲਾਉਣ ਗਿਆ ਸੀ, ਬਾਕੀ ਦੋਵੇਂ ਵਿਅਕਤੀ ਤਾਂ ਅਗਲੇ ਦਿਨ ਵਾਪਸ ਆ ਗਏ ਪਰ ਮਨਜੀਤ ਸਿੰਘ ਘਰ ਵਾਪਸ ਨਹੀਂ ਪਰਤਿਆ। ਉਕਤ ਟਰੱਕ ਡਰਈਵਰ ਦਾ ਕਹਿਣਾ ਹੈ ਕਿ ਉਸ ਨੇ 29 ਨਵੰਬਰ ਨੂੰ ਮਨਜੀਤ ਸਿੰਘ ਨੂੰ ਸ਼ੇਖ ਭੱਟੀ ਦੇ ਮੋੜ 'ਤੇ ਉਤਾਰ ਦਿੱਤਾ ਸੀ।

ਘਟਨਾ ਸਬੰਧੀ ਉਦੋਂ ਪਤਾ ਲੱਗਾ ਜਦੋਂ ਪਰਮਜੀਤ ਸਿੰਘ ਵਾਸੀ ਸੈਦੋਗਾਜ਼ੀ ਅੱਜ ਸ਼ਾਮ ਆਪਣੇ ਖੇਤਾਂ 'ਚ ਗੇੜਾ ਮਾਰਨ ਗਿਆ ਤਾਂ ਉਸ ਨੂੰ ਕਿਸੇ ਵਿਅਕਤੀ ਦੀ ਲਾਸ਼ ਹੋਣ ਦਾ ਪਤਾ ਲੱਗਾ, ਜਿਸ 'ਤੇ ਤੁਰੰਤ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਸੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਵਾਸੀ ਸ਼ਾਲੀਵਾਲ ਜੋ ਕਰੀਬ 29 ਨਵੰਬਰ ਤੋਂ ਲਾਪਤਾ ਸੀ, ਦੀ ਲਾਸ਼ ਅੱਜ ਸ਼ੇਖ ਭੱਟੀ ਪਿੰਡ ਦੀ ਹੱਦ ਨਾਲ ਲੱਗਦੇ ਕਮਾਦ ਦੇ ਖੇਤ 'ਚੋਂ ਬਰਾਮਦ ਹੋਈ। ਉਸ ਦੀ ਸਾਹ ਰਗ ਤੇ ਕੰਨ ਵੱਢੇ ਹੋਏ ਤੇ ਅੱਖਾਂ ਕੱਢੀਆਂ ਹੋਈਆਂ ਲੱਗਦੀਆਂ ਹਨ। ਦੇਖਣ 'ਚ ਮਾਮਲਾ ਕਤਲ ਦਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Baljeet Kaur

This news is Content Editor Baljeet Kaur