ਭਾਈ ਮੰਡ ਨੇ ਬਰਗਾੜੀ ਮੋਰਚੇ ਨੂੰ ਨਿੱਜੀ ਲਾਹਾ ਲੈਣ ਲਈ ਲੰਮਾ ਖਿੱਚਿਆ : ਅਜਨਾਲਾ

12/15/2018 9:08:02 AM

ਅਜਨਾਲਾ (ਫਰਿਆਦ) : ਬਰਗਾੜੀ ਦੀ ਦਾਣਾ ਮੰਡੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 1 ਜੂਨ 2018 ਦੌਰਾਨ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਪਿਛਲੇ ਕਰੀਬ 6 ਮਹੀਨਿਆਂ ਤੋਂ ਪੰਜਾਬ ਸਰਕਾਰ ਖਿਲਾਫ ਲਾਏ ਧਰਨੇ ਨੂੰ ਅਚਾਨਕ ਸਰਕਾਰ ਅੱਗੇ ਲੇਲੜੀਆਂ ਲੈ ਕੇ ਉਕਤ ਜਥੇਦਾਰਾਂ ਵੱਲੋਂ ਸਮਾਪਤ ਕੀਤੇ ਜਾਣ ਵਿਰੁੱਧ ਅੱਜ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ 'ਤੇ ਨਿੱਜੀ ਲਾਹਾ ਲੈਣ ਦੀ ਖਾਤਿਰ ਬਰਗਾੜੀ ਮੋਰਚੇ ਨੂੰ ਲੰਮਾ ਸਮਾਂ ਲਟਕਾਉਣਾ ਦੱਸਦਿਆਂ ਨਾਨਕ ਨਾਮਲੇਵਾ ਸੰਗਤਾਂ ਦਾ ਸਮਾਂ ਬਰਬਾਦ ਕਰਨ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਜਾਤੀ ਤੌਰ 'ਤੇ ਵੈਰ-ਵਿਰੋਧ ਨਹੀਂ ਹੈ ਪਰ ਉਹ ਸਿੱਖ ਪੰਥ ਦੇ ਨਿਮਾਣੇ ਸਿੱਖ ਹੋਣ ਦੇ ਨਾਤੇ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਆਪਣਾ ਨਿੱਜੀ ਲਾਹਾ ਲੈਣ ਖਾਤਿਰ ਬਰਗਾੜੀ ਮੋਰਚੇ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਨ ਦੇ ਪਹਿਲੇ 3 ਦਿਨਾਂ ਅੰਦਰ ਹੀ ਮੋਰਚੇ 'ਤੇ ਬੈਠੇ ਆਗੂਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਨ, ਜਦੋਂ ਕਿ ਮੋਰਚੇ 'ਤੇ ਬੈਠੇ ਅਹੁਦੇਦਾਰਾਂ ਵੱਲੋਂ ਖਦਸ਼ਾ ਪ੍ਰਗਟਾਉਣ 'ਤੇ ਮੰਤਰੀ ਬਾਜਵਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

ਭਾਈ ਅਮਰੀਕ ਸਿੰਘ ਨੇ ਕਿਹਾ ਕਿ 17 ਅਗਸਤ 2018 ਨੂੰ ਦੁਬਾਰਾ ਉਨ੍ਹਾਂ ਦੀ ਉਕਤ ਜਥੇਦਾਰਾਂ ਨਾਲ ਹੋਈ ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਸੀ ਕਿ 18 ਅਗਸਤ  ਨੂੰ ਸਰਕਾਰ ਨਾਲ ਗੱਲ ਕੀਤੀ ਜਾਵੇਗੀ, 19 ਅਗਸਤ  ਨੂੰ ਬਰਗਾੜੀ ਮੋਰਚੇ ਤੋਂ ਸਰਕਾਰ ਨੂੰ ਵਾਅਦਿਆਂ ਸਬੰਧੀ ਮੀਡੀਆ ਅੱਗੇ ਪੇਸ਼ ਕਰ ਕੇ ਮੰਨੀਆਂ ਮੰਗਾਂ ਦਾ ਐਲਾਨ ਕਰਵਾਇਆ ਜਾਵੇਗਾ ਅਤੇ 20 ਅਗਸਤ  ਨੂੰ ਮੰਗਾਂ ਮੰਨਣ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 22 ਅਗਸਤ ਨੂੰ ਪਾਠ ਦੇ ਭੋਗ ਪਾਏ ਜਾਣਗੇ, ਸਮਾਪਤੀ ਅਰਦਾਸ ਉਪਰੰਤ ਸਾਰੀ ਸੰਗਤ ਵੱਲੋਂ ਕਾਫਲੇ ਦੇ ਰੂਪ 'ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ  ਵਿਖੇ  ਜਾ ਕੇ ਸ਼ੁਕਰਾਨੇ ਦੀ ਸਮਾਪਤੀ ਦੀ ਅਰਦਾਸ  ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਰਾਤੋ-ਰਾਤ ਮੰਡ ਸਾਹਿਬ ਨੇ ਪ੍ਰੋਗਰਾਮ ਬਦਲਦਿਆਂ ਬਹਾਨਾ ਬਣਾ ਦਿੱਤਾ ਕਿ ਇਹ ਪ੍ਰੋਗਰਾਮ ਬਹੁਤ ਵੱਡਾ ਹੋਣਾ ਹੈ, ਇੰਨੇ ਥੋੜ੍ਹੇ ਸਮੇਂ 'ਚ ਤਿਆਰੀ ਨਹੀਂ ਹੋਣੀ। ਭਾਈ ਅਜਨਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਮੰਗਾਂ ਮੰਨਣ ਬਾਰੇ ਕਹੇ ਜਾਣ ਦੇ ਬਾਵਜੂਦ ਉਕਤ ਜਥੇਦਾਰ ਮੰਡ ਵੱਲੋਂ ਕੋਈ ਫੈਸਲਾ ਨਾ ਮੰਨਣ 'ਤੇ ਪੰਜਾਬ ਸਰਕਾਰ ਨੇ ਸ਼ਹੀਦ ਹੋਏ 2 ਸਿੰਘਾਂ ਦੇ ਵਾਰਿਸਾਂ ਨੂੰ ਚੰਡੀਗੜ੍ਹ ਸੱਦ ਕੇ ਮੀਡੀਆ ਸਾਹਮਣੇ ਚੈੱਕ ਦੇ ਦੇਣ ਕਾਰਨ ਵੀ ਮੋਰਚੇ 'ਤੇ ਬੈਠੇ ਆਗੂਆਂ ਨੂੰ ਇਸ ਮੌਕੇ ਤੋਂ ਵੀ ਵਾਂਝਾ ਰਹਿਣਾ ਪਿਆ। ਭਾਈ ਅਜਨਾਲਾ ਨੇ ਪੁੱਛਣ 'ਤੇ ਕਿਹਾ ਕਿ ਉਹ ਇਹ ਸਾਰਾ ਕੁਝ ਦੇਖ ਕੇ 17 ਅਗਸਤ ਤੋਂ ਬਾਅਦ ਤੋਂ ਇਸ ਮੋਰਚੇ 'ਚ ਸ਼ਾਮਿਲ ਨਹੀਂ ਹੋਏ, ਜਦੋਂ ਕਿ ਉਨ੍ਹਾਂ ਵੱਲੋਂ ਸਿਰਫ 14 ਅਗਸਤ  ਨੂੰ ਸ਼ਹੀਦੀ ਸਮਾਗਮ ਤੇ 25 ਨਵੰਬਰ ਨੂੰ  ਸ੍ਰੀ  ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹੀ ਹਾਜ਼ਰੀ ਭਰੀ ਗਈ ਸੀ। ਉਨ੍ਹਾਂ ਜਥੇਦਾਰ ਧਿਆਨ ਸਿੰਘ ਮੰਡ ਨੂੰ ਮੂਰਖ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਬਾਵਜੂਦ 6 ਮਹੀਨੇ 9 ਦਿਨਾਂ ਤੱਕ ਮੋਰਚੇ ਨੂੰ ਲੰਮਾ ਖਿੱਚ ਕੇ ਸੰਗਤਾਂ ਦਾ ਕੀਮਤੀ ਸਮਾਂ ਬਰਬਾਦ ਕੀਤਾ ਗਿਆ।ਇਸ ਮੌਕੇ ਸਤਿਕਾਰ ਕਮੇਟੀ ਮਾਲਵਾ ਦੇ ਸੀਨੀ. ਆਗੂ ਭਾਈ ਦਵਿੰਦਰ ਸਿੰਘ, ਸਤਿਕਾਰ ਕਮੇਟੀ ਪੰਜਾਬ ਦੇ ਭਾਈ ਤਰਲੋਚਨ ਸਿੰਘ ਸੋਹਲ, ਭਾਈ ਮੇਜਰ ਸਿੰਘ ਪੰਡੋਰੀ ਵੜੈਚ, ਭਾਈ ਪਰਗਟ ਸਿੰਘ ਪੰਡੋਰੀ ਵੜੈਚ ਆਦਿ ਹਾਜ਼ਰ ਸਨ।

Baljeet Kaur

This news is Content Editor Baljeet Kaur