ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਦੀ ਫਸਲ ਕੀਤੀ ਬਰਬਾਦ

02/07/2019 11:22:07 AM

ਅਜਨਾਲਾ (ਗੁਰਿੰਦਰ ਬਾਠ) : ਕਿਸਾਨਾਂ ਵਲੋਂ ਹਾੜੀ ਦੀ ਮੁੱਖ ਫਸਲ ਕਣਕ ਦੀ ਵਧੇਰੇ ਪੈਦਾਵਾਰ ਲਈ ਵਰਤੀਆਂ ਜਾ ਰਹੀਆਂ ਨਦੀਨ ਨਾਸ਼ਕ ਦਵਾਈਆਂ ਨੇ ਨਦੀਨ ਮਾਰਨ ਦੀ ਬਜਾਏ ਸਗੋਂ ਕਣਕ 'ਤੇ ਉਲਟਾ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਹੀ ਆਰਥਿਕ ਮੰਦਹਾਲੀ ਦੀ ਦਲਦਲ 'ਚ ਫਸੇ ਕਿਸਾਨ ਪ੍ਰਾਈਵੇਟ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋ ਕਿ ਕਰਜ਼ੇ ਦੇ ਬੋਝ ਹੇਠ ਦਿਨੋਂ-ਦਿਨ ਹੋਰ ਧਸਦੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਨਾਲ ਲੱਗਦੇ ਪਿੰਡ ਭੱਖਾ ਤਾਰਾ ਸਿੰਘ ਦੇ ਕਿਸਾਨ ਬਿਕਰਮਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਚਾਰ ਏਕੜ ਕਣਕ 'ਚ ਵਧੀਆ ਕੰਪਨੀ ਦੀ ਦੱਸੀ ਜਾਂਦੀ ਦਿਵਾਈ ਦਾ ਨਦੀਨ ਖਤਮ ਕਰਨ ਲਈ ਛਿੜਕਾਅ ਕੀਤਾ ਸੀ। ਪਰ ਨਦੀਨ ਖਤਮ ਤਾਂ ਨਹੀਂ ਹੋਇਆ ਸਗੋਂ ਕਣਕ 'ਤੇ ਬੁਰਾ ਅਸਰ ਪਿਆ ਹੈ, ਜਿਸ ਨਾਲ ਕਣਕ ਦੀ ਗ੍ਰੋਥ ਇਕ ਦਮ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਖੇਤੀ ਫਸਲਾਂ ਦਾ ਲਾਹੇਵੰਦ ਝਾੜ ਦੇਣ ਲਈ ਸਮੇਂ-ਸਮੇਂ 'ਤੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਕਿਉਂਕਿ ਛੋਟੇ ਕਿਸਾਨ ਪਹਿਲਾਂ ਹੀ ਫਸਲਾਂ 'ਤੇ ਆਉਂਦੇ ਵੱਧ ਖਰਚਿਆਂ ਨੂੰ ਝੱਲਣ ਤੋਂ ਅਸਮਰਥ ਹਨ।

ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਪ੍ਰਾਈਵੇਟ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਲਈ ਕਿਸਾਨ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।

Baljeet Kaur

This news is Content Editor Baljeet Kaur