ਲਕਸ਼ਮੀ ਨਰਾਇਣ ਮੰਦਰ ''ਚ ਹਾਜ਼ਰੀ ਭਰਨ ਗਏ ਪਰਿਵਾਰ ਦੇ ਘਰ ਹੋਈ ਚੋਰੀ

03/18/2018 1:03:38 PM

ਅਜਨਾਲਾ (ਰਮਨਦੀਪ) - ਅਜਨਾਲਾ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਪੁਲਸ ਪ੍ਰਸ਼ਾਸਨ ਵਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਕਾਰਨ ਅਜਨਾਲਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਸਥਿਤ ਲਕਸ਼ਮੀ ਨਰਾਇਣ ਮੰਦਰ ਵਿਖੇ ਚੱਲ ਰਹੇ ਧਾਰਮਿਕ ਸਮਾਗਮ 'ਚ ਹਾਜ਼ਰੀ ਭਰਨ ਗਏ ਇਕ ਪਰਿਵਾਰ ਦੇ ਘਰ ਵਿਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਨਗਦੀ ਤੇ ਹੋਰ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਸੰਨੀ ਅਰੋੜਾ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਲਕਸ਼ਮੀ ਨਰਾਇਣ ਮੰਦਰ ਵਿਖੇ ਚੱਲ ਰਹੇ ਧਾਰਮਿਕ ਸਮਾਗਮ 'ਚ ਹਾਜ਼ਰੀ ਭਰਨ ਲਈ ਗਿਆ ਸੀ ਅਤੇ ਜਦ ਸਾਢੇ ਦਸ ਵਜੇ ਘਰ ਆਇਆ ਤਾਂ ਘਰ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ। ਉਸਨੇ ਦੱਸਿਆ ਕਿ ਜਦ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਵਲੋਂ ਅਲਮਾਰੀ ਦੇ ਤਾਲੇ ਤੋੜ ਕੇ ਅਲਮਾਰੀ ਵਿਚ ਪਏ ਢਾਈ ਤੋਲੇ ਸੋਨੇ ਦੇ ਗਹਿਣੇ, 14500 ਰੁਪਏ, ਜ਼ਰੂਰੀ ਕਾਗਜ਼ਾਤ ਅਤੇ ਗੈਸ ਸਿਲੰਡਰ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਅਜਨਾਲਾ 'ਚ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਤੁਰੰਤ ਵੱਡੀ ਮੁਹਿੰਮ ਵਿੱਢੀ ਜਾਵੇ ਅਤੇ ਮੇਰੇ ਘਰ 'ਚ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ।