ਏਅਰਪੋਰਟ ਰਨਵੇ ਰਿਪੇਅਰ : 3 ਤੋਂ 17 ਅਕਤੂਬਰ ਤੱਕ ਸ਼ਾਮ 4 ਵਜੇ ਤੱਕ ਉਡਣਗੀਆਂ ਫਲਾਈਟਾਂ

09/15/2017 9:50:59 AM


ਚੰਡੀਗੜ੍ਹ (ਲਲਨ) - ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ ਦੀ ਲੰਬਾਈ ਵਧਾਉਣ ਅਤੇ ਮੁਰੰਮਤ ਲਈ ਇੰਡੀਅਨ ਏਅਰਫੋਰਸ ਅਤੇ ਏਅਰਪੋਰਟ ਅਥਾਰਟੀ ਵਲੋਂ  ਨਵੇਂ ਨੋਟਿਸ ਤਹਿਤ ਏਅਰਪੋਰਟ ਤੋਂ ਫਲਾਈਟਾਂ ਚਲਾਉਣ ਦਾ ਸਮਾਂ ਸਵੇਰੇ 5.30 ਵਜੇ ਦੀ ਬਜਾਏ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ। ਇਸ ਤੋਂ ਬਾਅਦ ਫਲਾਈਟਾਂ ਦੀ ਲੈਂਡਿੰਗ ਅਤੇ ਉਡਾਣ ਬੰਦ ਕਰਨ ਦੇ ਬਾਅਦ ਰਨਵੇ ਦੀ ਰਿਪੇਅਰਿੰਗ ਅਤੇ ਲੰਬਾਈ ਸੰਬੰਧੀ ਕੰਮ ਸ਼ੁਰੂ ਹੋਵੇਗਾ। ਨਾਲ ਹੀ  3 ਅਕਤੂਬਰ ਤੋਂ 17 ਅਕਤੂਬਰ ਤੱਕ ਐਤਵਾਰ ਨੂੰ ਏਅਰਪੋਰਟ ਪੂਰੀ ਤਰ੍ਹਾਂ ਬੰਦ ਰਹੇਗਾ।  

ਜਾਣਕਾਰੀ ਅਨੁਸਾਰ ਏਅਰਪੋਰਟ ਵਲੋਂ ਨਵਾਂ ਨੋਟਿਸ ਆਉਣ ਕਾਰਨ ਕਈ ਏਅਰਲਾਈਨਜ਼ ਕੰਪਨੀਆਂ ਨੇ 4 ਵਜੇ ਦੇ ਬਾਅਦ ਦੀਆਂ ਫਲਾਈਟਾਂ ਦੀ ਬੁਕਿੰਗ ਬੰਦ ਕਰ ਦਿੱਤੀ ਹੈ। ਅਥਾਰਟੀ ਵਲੋਂ ਸਾਰੀਆਂ ਫਲਾਈਟਾਂ ਦਾ ਸ਼ਡਿਊਲ ਜਾਰੀ ਕਰਨ ਕਾਰਨ ਯਾਤਰੀਆਂ ਅਤੇ ਟ੍ਰੈਵਲ ਏਜੰਸੀਆਂ ਪ੍ਰੇਸ਼ਾਨ ਹੋ ਰਹੀਆਂ ਹਨ, ਉਥੇ ਹੀ ਕਈ ਏਅਰਲਾਈਨ ਕੰਪਨੀਆਂ ਵਲੋਂ ਆਪਣੀਆਂ ਫਲਾਈਟਾਂ ਦਾ ਸ਼ਡਿਊਲ ਜਾਰੀ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਏਅਰਪੋਰਟ ਅਥਾਰਟੀ ਨੇ ਕੋਈ ਸ਼ਡਿਊਲ ਜਾਰੀ ਨਹੀਂ ਕੀਤਾ ਹੈ।

ਏਅਰਪੋਰਟ ਅਥਾਰਟੀ ਵਲੋਂ ਸਾਰੀਆਂ ਫਲਾਈਟਾਂ ਦਾ ਸ਼ਡਿਊਲ ਆਨਲਾਈਨ ਨਾ ਹੋਣ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਲੋਕਾਂ ਨੂੰ ਟਿਕਟ ਬੁੱਕ ਕਰਵਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਟ੍ਰੈਵਲ ਏਜੰਸੀਆਂ ਚਲਾਉਣ  ਵਾਲਿਆਂ ਦਾ ਕਹਿਣਾ ਹੈ ਕਿ  3 ਅਕਤੂਬਰ ਤੋਂ ਚੰਡੀਗੜ੍ਹ ਆਉਣ ਤੇ ਜਾਣ ਵਾਲੀ ਕਿਸੇ ਵੀ ਫਲਾਈਟ ਦੀ ਬੁਕਿੰਗ ਨਹੀਂ ਹੋ ਰਹੀ। ਇਸ ਕਾਰਨ ਕਾਫੀ ਯਾਤਰੀ ਪ੍ਰੇਸ਼ਾਨ ਹਨ। ਏਅਰਪੋਰਟ ਅਥਾਰਟੀ ਨੂੰ  ਜਲਦੀ ਹੀ ਫਲਾਈਟਾਂ ਦਾ ਸ਼ਡਿਊਲ ਜਾਰੀ ਕਰਨਾ ਚਾਹੀਦਾ ਹੈ।

ਕੁਝ ਫਲਾਈਟਾਂ ਦੇ ਸਮੇਂ 'ਚ ਤਬਦੀਲੀ
ਨਵੇਂ ਨੋਟਿਸ ਨਾਲ ਫਲਾਈਟਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਏਅਰ ਇੰਡੀਆ ਦੀ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਫਲਾਈਟ ਸਵੇਰੇ 5.50 ਵਜੇ ਉਡਾਣ ਭਰੇਗੀ, ਜੋ ਸਵੇਰੇ 8.30 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰੇਗੀ। ਚੰਡੀਗੜ੍ਹ ਤੋਂ ਪੁਣੇ ਲਈ ਸਵੇਰੇ 9.10 ਵਜੇ ਫਲਾਈਟ ਉਡਾਣ ਭਰੇਗੀ, ਜੋ ਸਵੇਰੇ 11.40 ਵਜੇ ਪੁਣੇ ਵਿਚ ਲੈਂਡ ਕਰੇਗੀ। ਪੁਣੇ ਤੋਂ ਚੰਡੀਗੜ੍ਹ ਲਈ ਫਲਾਈਟ ਦੁਪਹਿਰ 12.20 ਵਜੇ ਉਡੇਗੀ। ਚੰਡੀਗੜ੍ਹ ਤੋਂ ਮੁੰਬਈ ਲਈ ਸ਼ਾਮ 3.30 ਵਜੇ ਫਲਾਈਟ ਉਡੇਗੀ, ਜੋ ਸ਼ਾਮ ਨੂੰ 6.10 ਵਜੇ ਮੁੰਬਈ ਵਿਚ ਲੈਂਡ ਕਰੇਗੀ। ਏਅਰ ਇੰਡੀਆ ਐਕਸਪ੍ਰੈੱਸ ਦੀ ਸ਼ਾਹਜਾਹ ਤੋਂ ਆਉਣ ਵਾਲੀ ਫਲਾਈਟ 5 ਅਕਤੂਬਰ ਨੂੰ ਸਵੇਰੇ 9.30 ਵਜੇ ਉਡੇਗੀ, ਜੋ ਦੁਪਹਿਰ 2.20 ਵਜੇ ਚੰਡੀਗੜ੍ਹ ਅੰਤਰਰਰਾਸ਼ਟਰੀ ਏਅਰਪੋਰਟ  'ਤੇ ਲੈਂਡ ਕਰੇਗੀ।

ਉਥੇ ਹੀ ਚੰਡੀਗੜ੍ਹ ਏਅਰਪੋਰਟ ਤੋਂ ਸ਼ਾਹਜਾਹ ਲਈ ਇਹ ਫਲਾਈਟ ਦੁਪਹਿਰ 3.20 ਵਜੇ ਉਡੇਗੀ ਅਤੇ ਸ਼ਹਿਰ ਵਿਚ 5.05 'ਤੇ ਲੈਂਡ ਕਰੇਗੀ। ਸ਼ਾਹਜਾਹ ਨੂੰ ਜਾਣ ਅਤੇ ਆਉਣ ਵਾਲੀ ਇਸ ਫਲਾਈਟ ਦਾ ਸ਼ਡਿਊਲ 28 ਅਕਤੂਬਰ ਤੱਕ ਇਹੋ ਰਹੇਗਾ।