ਏਅਰਪੋਰਟ ਅਥਾਰਟੀ ਦਾ ਅਸਿਸਟੈਂਟ ਮੈਨੇਜਰ ਤੇ ਡਰਾਈਵਰ 1 ਕਿਲੋ ਸੋਨੇ ਸਮੇਤ ਗ੍ਰਿਫਤਾਰ

03/24/2019 9:39:32 PM

ਅੰਮ੍ਰਿਤਸਰ, (ਨੀਰਜ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਫਾਇਰ ਵਿਭਾਗ ਦੇ ਅਸਿਸਟੈਂਟ ਮੈਨੇਜਰ ਪ੍ਰਦੀਪ ਸੈਣੀ ਤੇ ਰਨਵੇ ਵੱਲੋਂ ਯਾਤਰੀਆਂ ਨੂੰ ਏਅਰਪੋਰਟ ਟਰਮੀਨਲ ਤੱਕ ਲਿਜਾਣ ਵਾਲੇ ਬੱਸ ਡਰਾਈਵਰ ਸਾਹਿਬ ਸਿੰਘ ਨੂੰ 1 ਕਿਲੋ ਸੋਨੇ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਅਸਿਸਟੈਂਟ ਕਮਿਸ਼ਨਰ ਕਸਟਮ ਵਿਭਾਗ ਅਕਸ਼ਤ ਜੈਨ ਨੂੰ ਸੂਚਨਾ ਮਿਲੀ ਸੀ ਕਿ ਬੱਸ ਡਰਾਈਵਰ ਸਾਹਿਬ ਸਿੰਘ ਤੇ ਅਸਿਸਟੈਂਟ ਮੈਨੇਜਰ ਪ੍ਰਦੀਪ ਸੈਣੀ ਨੇ ਸੋਨਾ ਸਮੱਗਲਰਾਂ ਨਾਲ ਮਿਲੀਭੁਗਤ ਕੀਤੀ ਹੋਈ ਹੈ, ਜਦੋਂ ਵੀ ਕੋਈ ਸੋਨਾ ਸਮੱਗਲਰ ਜਹਾਜ਼ ’ਚ ਏਅਰਪੋਰਟ ’ਤੇ ਆਉਂਦਾ ਹੈ ਤਾਂ ਉਹ ਏਅਰਪੋਰਟ ਰਨਵੇ ’ਤੇ ਹੀ ਸਾਹਿਬ ਸਿੰਘ ਦੀ ਬੱਸ ’ਚ ਸਵਾਰ ਹੁੰਦੇ ਸਮੇਂ ਉਸ ਨੂੰ ਸੋਨੇ ਦੀ ਖੇਪ ਫਡ਼ਾ ਦਿੰਦਾ ਹੈ, ਜਿਸ ਤੋਂ ਬਾਅਦ ਸਾਹਿਬ ਸਿੰਘ ਏਅਰਪੋਰਟ ਦੇ ਰਨਵੇ ’ਤੇ ਹੀ ਅਸਿਸਟੈਂਟ ਮੈਨੇਜਰ ਪ੍ਰਦੀਪ ਸੈਣੀ ਦੀ ਖੜ੍ਹੀ ਇਨੋਵਾ ਗੱਡੀ ’ਚ ਇਸ ਖੇਪ ਨੂੰ ਰੱਖ ਦਿੰਦਾ ਸੀ। ਸਾਹਿਬ ਸਿੰਘ ਤੋਂ ਖੇਪ ਲੈਣ ਦੇ ਬਾਅਦ ਪ੍ਰਦੀਪ ਸੈਣੀ ਉਸ ਨੂੰ ਏਅਰਪੋਰਟ ਦੇ ਬਾਹਰ ਕੱਢ ਦਿੰਦਾ। ਸਰਕਾਰੀ ਗੱਡੀ ਹੋਣ ਕਾਰਨ ਪ੍ਰਦੀਪ ਸੈਣੀ ਦੀ ਗੱਡੀ ਦੀ ਚੈਕਿੰਗ ਵੀ ਨਹੀਂ ਹੁੰਦੀ ਸੀ। ਕਸਟਮ ਵਿਭਾਗ ਵੱਲੋਂ ਇਸ ਮਾਮਲੇ ਵਿਚ ਦਿੱਲੀ ਤੇ ਗਾਜ਼ੀਆਬਾਦ ’ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਥੇ ਕੁਝ ਸੋਨਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਤਾਇਨਾਤ ਕੁਝ ਹੋਰ ਕਰਮਚਾਰੀਆਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ, ਜਿਨ੍ਹਾਂ ਪ੍ਰਦੀਪ ਸੈਣੀ ਤੇ ਸਾਹਿਬ ਸਿੰਘ ਨਾਲ ਮਿਲੀਭੁਗਤ ਕੀਤੀ ਹੋਈ ਹੈ।

Arun chopra

This news is Content Editor Arun chopra