ਕਾਰ ਸਵਾਰ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ, 2 ਦੋਸਤਾਂ ਨਾਲ ਕੀਤੀ ਕੁੱਟਮਾਰ

11/23/2017 6:35:26 AM

ਲੁਧਿਆਣਾ, (ਮਹੇਸ਼)- ਹੈਬੋਵਾਲ ਖੁਰਦ ਦੀ ਅੰਮ੍ਰਿਤ ਕਾਲੋਨੀ ਵਿਚ ਕਾਰ ਸਵਾਰ 5 ਨੌਜਵਾਨਾਂ ਨੇ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਹੋਏ ਘਰ ਦੇ ਬਾਹਰ ਖੜ੍ਹੇ 2 ਦੋਸਤਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਦਹਿਸ਼ਤ ਫੈਲਾਉਣ ਲਈ 2 ਹਵਾਈ ਫਾਇਰ ਵੀ ਕੀਤੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਪੀੜਤ ਦੀ ਕਨਪਟੀ 'ਤੇ ਰਿਵਾਲਵਰ ਵੀ ਤਾਣੀ। ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਇਲਾਕਾ ਪੁਲਸ ਨੇ ਸੂਰਜ ਸਿੰਘ ਉਮਰ 18 ਸਾਲ ਦੀ ਸ਼ਿਕਾਇਤ 'ਤੇ ਚੂਹੜਪੁਰ ਨਿਵਾਸੀ ਰਾਜਾ, ਹੈਬੋਵਾਲ ਦੇ ਗੁਰੀ ਅਤੇ ਇਨ੍ਹਾਂ ਦੇ 3 ਅਣਪਛਾਤੇ ਸਾਥੀਆਂ ਖਿਲਾਫ ਫਾਇਰਿੰਗ, ਕੁੱਟਮਾਰ ਕਰਨ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਅਮਰੀਕ ਚੰਦ ਦਾ ਕਹਿਣਾ ਹੈ ਕਿ ਰਾਜਾ ਦੀ ਭਾਲ 'ਚ ਉਸ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਫਰਾਰ ਪਾਇਆ ਗਿਆ। ਰਾਜਾ ਦੀ ਗ੍ਰਿਫਤਾਰੀ ਤੋਂ ਬਾਅਦ ਹੋਰਨਾਂ ਦੋਸ਼ੀਆਂ ਬਾਰੇ ਪਤਾ ਲੱਗੇਗਾ। ਅਮਰੀਕ ਨੇ ਦੱਸਿਆ ਕਿ ਸੂਰਜ ਪ੍ਰਤਾਪ ਸਿੰਘ ਵਾਲਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਹੈ। ਉਸ ਦੀ ਅਤੇ ਉਸ ਦੇ ਦੋਸਤ ਆਕਾਸ਼ ਦੀ ਕਿਸੇ ਗੱਲ ਨੂੰ ਲੈ ਕੇ ਰਾਜਾ ਦੇ ਨਾਲ ਰੰਜਿਸ਼ ਚਲੀ ਆ ਰਹੀ ਸੀ। ਸ਼ਾਮ ਨੂੰ ਸੂਰਜ ਆਪਣੇ ਘਰ ਦੇ ਬਾਹਰ ਆਕਾਸ਼ ਦੇ ਨਾਲ ਖੜ੍ਹਾ ਸੀ। ਰਾਜਾ ਆਪਣੇ ਸਾਥੀਆਂ ਦੇ ਨਾਲ ਚਿੱਟੇ ਰੰਗ ਦੀ ਵਰਨਾ ਕਾਰ ਵਿਚ ਆਇਆ, ਜਿਨ੍ਹਾਂ ਵਿਚੋਂ ਇਕ ਦੇ ਕੋਲ ਰਿਵਾਲਵਰ ਅਤੇ ਬਾਕੀਆਂ ਦੇ ਕੋਲ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੇ ਕਾਰ ਤੋਂ ਉਤਰਦੇ ਹੀ ਸੂਰਜ ਅਤੇ ਆਕਾਸ਼ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਸ਼ੀਆਂ ਨੇ ਹਵਾ ਵਿਚ 2 ਗੋਲੀਆਂ ਵੀ ਚਲਾਈਆਂ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ 'ਤੋਂ ਫਰਾਰ ਹੋ ਗਏ। ਅਮਰੀਕ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨੇ ਸੂਰਜ ਅਤੇ ਆਕਾਸ਼ ਦੀ ਕਨਪਟੀ 'ਤੇ ਵੀ ਰਿਵਾਲਵਰ ਤਾਣੀ ਸੀ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।