''ਸਿਟੀ ਬਿਊਟੀਫੁੱਲ'' ''ਤੇ ਪ੍ਰਦੂਸ਼ਣ ਦਾ ਸਾਇਆ, ਵਿਗੜਿਆ ਏਅਰ ਕੁਆਇਲਟੀ ਇੰਡੈਕਸ

11/05/2019 12:54:14 PM

ਚੰਡੀਗੜ੍ਹ (ਰਾਏ) : ਪੰਜਾਬ 'ਚ ਕਥਿਤ ਤੌਰ 'ਤੇ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਈ ਸਮੱਸਿਆ ਦਾ ਚੰਡੀਗੜ੍ਹ 'ਤੇ ਵੀ ਭੈੜਾ ਪ੍ਰਭਾਵ ਪੈ ਰਿਹਾ ਹੈ। ਚੰਡੀਗੜ੍ਹ ਦੀ ਹਵਾ ਇਨ੍ਹੀਂ ਦਿਨੀਂ ਸਾਹ ਲੈਣ ਦੇ ਕਾਬਿਲ ਨਹੀਂ ਰਹੀ ਅਤੇ ਸਥਾਨਕ ਨਿਵਾਸੀ ਤਰ੍ਹਾਂ-ਤਰ੍ਹਾਂ ਦੀਆਂ ਮੌਸਮੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੋਂ ਚੰਡੀਗੜ੍ਹ ਅਤੇ ਉਸਦੇ ਆਸ-ਪਾਸ ਦੇ ਖੇਤਰਾਂ 'ਚ ਮੀਂਹ ਦੇ ਆਸਾਰ ਵੀ ਬਣੇ ਹੋਏ ਹਨ, ਜਿਸ ਦੇ ਨਾਲ ਤਾਪਮਾਨ 'ਚ ਹੋਰ ਵੀ ਗਿਰਾਵਟ ਆ ਸਕਦੀ ਹੈ।
ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ 'ਚ ਗੁਜ਼ਰੇ ਦਿਨੀਂ ਆਸਮਾਨ 'ਚ ਬੱਦਲ ਛਾਏ ਹੋਏ ਹਨ। ਬੇਸ਼ੱਕ ਤਾਪਮਾਨ ਘੱਟ ਹੋਇਆ ਹੈ ਪਰ ਪਰਾਲੀ ਜਲਾਉਣ ਕਾਰਨ ਕਥਿਤ ਤੌਰ 'ਤੇ ਫੈਲ ਰਹੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਪਬਲਿਕ ਹੈਲਥ ਪੀ.ਜੀ.ਆਈ. ਦੇ ਡਾਕਟਰਾਂ ਅਨੁਸਾਰ ਇਸ ਸਮੇਂ ਪਰਾਲੀ ਜ਼ਿਆਦਾ ਫੂਕੀ ਜਾ ਰਹੀ ਹੈ, ਜਿਸ ਦਾ ਸ਼ਹਿਰ 'ਤੇ ਪ੍ਰਭਾਵ ਪੈਣ ਕਾਰਨ ਇੱਥੇ ਦਾ ਏਅਰ ਕੁਆਲਟੀ ਇੰਡੈਕਸ ਵਿਗੜ ਗਿਆ ਹੈ। ਚੰਡੀਗੜ੍ਹ ਦਾ ਹਰ ਨਾਗਰਿਕ ਇਸ ਤਰ੍ਹਾਂ 8-10 ਸਿਗਰਟਾਂ ਦੇ ਬਰਾਬਰ ਧੂੰਆਂ ਸਾਹ ਰਾਹੀਂ ਆਪਣੇ ਅੰਦਰ ਲੈ ਰਿਹਾ ਹੈ।
5 ਤੋਂ 7 ਨਵੰਬਰ ਦੇ ਦਰਮਿਆਨ ਮੀਂਹ ਦੇ ਆਸਾਰ
ਦਿਨ ਅਤੇ ਰਾਤ ਦਾ ਤਾਪਮਾਨ 12 ਡਿਗਰੀ ਦੇ ਫਰਕ ਨਾਲ ਮੌਸਮੀ ਬੀਮਾਰੀਆਂ ਵਧ ਰਹੀਆਂ ਹਨ। ਇਸ ਕਾਰਨ ਇਨ੍ਹੀਂ ਦਿਨੀਂ ਜ਼ਿਆਦਾ ਐਲਰਜਿਕ ਅਤੇ ਪੇਟ ਨਾਲ ਸਬੰਧਤ ਬੀਮਾਰੀਆਂ ਦੇ ਮਰੀਜ਼ ਵਧ ਰਹੇ ਹਨ। ਇਸ ਤੋਂ ਇਲਾਵਾ ਆਸਮਾਨ 'ਚ ਫੈਲੇ ਧੂੰਏਂ ਕਾਰਨ ਖੰਘ-ਜ਼ੁਕਾਮ ਦੇ ਨਾਲ-ਨਾਲ ਬੁਖਾਰ ਦੇ ਮਰੀਜ਼ ਵੀ ਬਹੁਤ ਆ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਸਮੱਸਿਆ ਦੌਰਾਨ ਹੋਣ ਵਾਲੀਆਂ ਐਲਰਜਿਕ ਬੀਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਸਕੂਲ ਜਾਂਦੇ ਸਮੇਂ ਮੂੰਹ 'ਤੇ ਮਾਸਕ ਲਗਾਉਣਾ ਅਤੇ ਪੂਰੀਆਂ ਬਾਹਵਾਂ ਦੀ ਕਮੀਜ਼ ਪਹਿਨਣੀ ਚਾਹੀਦੀ ਹੈ। ਜਿਥੋਂ ਤੱਕ ਇਸ ਸਮੱਸਿਆ ਤੋਂ ਰਾਹਤ ਦਾ ਸਵਾਲ ਹੈ ਤਾਂ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਕੱਲ 5 ਨਵੰਬਰ ਤੋਂ ਇਕ ਵੈਸਟਰਨ ਡਿਸਟਰਬੈਂਸ ਮੋਡ ਨਾਲ ਐਕਟਿਵ ਹੋ ਰਿਹਾ ਹੈ। 5 ਨਵੰਬਰ ਨੂੰ ਦੁਪਹਿਰ ਬਾਅਦ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ 5 ਤੋਂ 7 ਨਵੰਬਰ ਦਰਮਿਆਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਹੀ ਚੰਡੀਗੜ੍ਹ ਦੀ ਹਵਾ 'ਚ ਸੁਧਾਰ ਹੋਣ ਦੀ ਉਮੀਦ ਹੈ। ਮੀਂਹ ਪੈਣ ਨਾਲ ਆਸਮਾਨ ਸਾਫ਼ ਹੋਵੇਗਾ ਅਤੇ ਇਸ ਦੇ ਨਾਲ-ਨਾਲ ਤਾਪਮਾਨ 'ਚ ਵੀ ਗਿਰਾਵਟ ਆਵੇਗੀ।

Babita

This news is Content Editor Babita