ਜ਼ਿਲੇ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ

06/07/2018 2:44:21 AM

ਰੂਪਨਗਰ,   (ਵਿਜੇ)-  ਜ਼ਿਲੇ ਰੂਪਨਗਰ ’ਚ  ਹਵਾ ਪ੍ਰਦੂਸ਼ਣ ਦੀ ਹਾਲਤ ਚਿੰਤਾਜਨਕ ਹੈ। ਇਸ ਦੇ ਨਾਲ ਹੀ ਜਲ ਪ੍ਰਦੂਸ਼ਣ ਵੀ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜਿਸ ਕਾਰਨ ਦਰਿਆ ਅਤੇ ਨਹਿਰ ’ਚ ਮੱਛੀਆਂ ਅਤੇ ਹੋਰ ਜੀਵ-ਜੰਤੂਆਂ ’ਤੇ  ਮਾੜਾ ਪ੍ਰਭਾਵ ਪੈ ਰਿਹਾ ਹੈ।
 ਕੇਂਦਰ ਅਤੇ ਰਾਜ ਸਰਕਾਰਾਂ ਸਾਰੇ ਤਰ੍ਹਾਂ ਦੇ ਪ੍ਰਦੂਸ਼ਣਾਂ ਸਬੰਧੀ ਗੰਭੀਰ ਨਹੀਂ ਹਨ। ਜਿਸ ਕਾਰਨ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਲੋਕਾਂ ’ਚ ਬੀਮਾਰੀਆਂ ਵਧ ਰਹੀਆਂ ਹਨ। ਜ਼ਿਲੇ ’ਚ ਉਦਯੋਗ ਕਾਫੀ ਮਾਤਰਾ ’ਚ ਹਨ। ਜਿਸ ’ਚ ਨੰਗਲ ਫਰਟੀਲਾਈਜ਼ਰ, ਰੂਪਨਗਰ ਥਰਮਲ ਪਲਾਂਟ, ਗੁਜਰਾਤ ਅੰਬੂਜਾ ਦੇ ਇਲਾਵਾ ਇਸ ਜ਼ਿਲੇ ’ਚ ਇੱਟਾਂ ਦੇ ਭੱਠੇ ਅਤੇ ਸਟੋਨ ਕਰੱਸ਼ਰਾਂ ਦੀ ਗਿਣਤੀ ਕਾਫੀ ਵੱਧ ਹੈ। ਜੋ ਪ੍ਰਦੂਸ਼ਣ ਫੈਲਾਉਣ ’ਚ ਮੋਹਰੀ ਹਨ। ਇਸ ਦੇ ਇਲਾਵਾ ਜ਼ਿਲੇ ’ਚ ਜੋ ਵਾਹਨ ਚੱਲਦੇ ਹਨ, ਉਨ੍ਹਾਂ ਦਾ ਪ੍ਰਦੂਸ਼ਣ ਪੱਧਰ ਕਾਫੀ ਵੱਧ ਹੈ। ਜਿਸ ਕਾਰਨ  ਹਵਾ ’ਚ ਕਾਰਬਨ ਮਨੋਅਾਕਸਾਈਡ ਦੀ ਮਾਤਰਾ ਵਧਦੀ ਜਾ ਰਹੀ ਹੈ ਤੇ ਆਕਸੀਜਨ ਦੀ ਮਾਤਰਾ ਘਟਦੀ ਜਾ ਰਹੀ ਹੈ। ਜ਼ਿਲੇ ’ਚ  ਹਵਾ ਪ੍ਰਦੂਸ਼ਣ ਦਾ ਪੱਧਰ ਮਾਪਣ ਲਈ ਕੋਈ ਪ੍ਰਬੰਧ ਨਹੀਂ। ਇਸੇ ਤਰ੍ਹਾਂ ਜ਼ਿਲੇ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸਰਗਰਮ ਨਹੀਂ। ਉਹ ਅਕਸਰ ਮੋਹਾਲੀ ਅਤੇ ਚੰਡੀਗਡ਼੍ਹ ’ਚ ਦੇਖੇ ਜਾਂਦੇ ਹਨ। ਜੇਕਰ ਇਸੇ ਤਰ੍ਹਾਂ ਦਾ  ਹਾਲ ਰਿਹਾ ਤਾਂ ਜ਼ਿਲੇ ਦਾ ਰੱਬ ਹੀ ਰਾਖਾ ਹੈ।  ਜ਼ਿਲੇ ’ਚ ਸਤਲੁਜ ਦਰਿਆ, ਭਾਖਡ਼ਾ ਹਾਈਡਲ ਨਹਿਰ, ਬਿਸਤ ਦੁਆਬ ਨਹਿਰ ਅਤੇ ਸਰਹਿੰਦ ਨਹਿਰ ਪ੍ਰਮੁੱਖ ਹਨ ਪਰ ਇਨ੍ਹਾਂ ਦਾ ਪਾਣੀ ਵੀ ਸਾਫ ਨਹੀਂ ਹੈ, ਕਿਉਂਕਿ ਇਸ ’ਚ  ਗੰਦਾ ਪਾਣੀ  ਸੁੱਟਿਆ ਜਾਂਦਾ ਹੈ।  ਇਸੇ ਤਰ੍ਹਾਂ ਪਲਾਸਟਿਕ ਦੇ ਲਿਫਾਫਿਆਂ  ਤੇ ਹੋਰ ਵਸਤੂਆਂ ’ਤੇ ਕੋਈ ਰੋਕ ਨਹੀਂ ਹੈ।