ਲਗਾਤਾਰ ਵਧ ਰਿਹਾ ਹਵਾ ਪ੍ਰਦੂਸ਼ਣ ਪ੍ਰਸ਼ਾਸਨ ਲਈ ਗੰਭੀਰ ਸਮੱਸਿਆ, ਕਰਵਾਈ ਜਾਵੇਗੀ ਡਿਟੇਲ ਸਟੱਡੀ

04/17/2023 1:35:44 PM

ਚੰਡੀਗੜ੍ਹ (ਰਜਿੰਦਰ) : ਸ਼ਹਿਰ ਦੇ ਹਵਾ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜੋ ਪ੍ਰਸ਼ਾਸਨ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹਵਾ ਪ੍ਰਦੂਸ਼ਣ ਸਬੰਧੀ ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ ਵਲੋਂ ਡਿਟੇਲ ਸਟੱਡੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਸਟੱਡੀ ਰਾਹੀਂ ਇਹ ਪਤਾ ਲਾਉਣ ਦਾ ਯਤਨ ਕੀਤਾ ਜਾਵੇਗਾ ਕਿ ਸ਼ਹਿਰ ਦੇ ਕਿਹੜੇ ਏਰੀਆ ’ਚ ਜ਼ਿਆਦਾ ਪਾਲਿਊਸ਼ਨ ਹੈ ਅਤੇ ਉਸ ਦੇ ਕਾਰਨ ਕੀ ਹਨ। ਸਟੱਡੀ ਦੇ ਨਤੀਜੇ ਦੇ ਆਧਾਰ ’ਤੇ ਹੀ ਪ੍ਰਸ਼ਾਸਨ ਵਲੋਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਉੱਚਿਤ ਕਦਮ ਚੁੱਕੇ ਜਾਣਗੇ। ਏਰੀਆ ਵਾਈਜ਼ ਵੀ ਇਹ ਸਟੱਡੀ ਹੋਵੇਗੀ, ਜਿਸ ਵਿਚ ਪ੍ਰਦੂਸ਼ਣ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਡਾਟਾ ਤਿਆਰ ਕੀਤਾ ਜਾਵੇਗਾ। ਸੈਂਟਰਲ ਪਾਲਿਊਸ਼ਨ ਕੰਟਰੋਲ ਬੋਰਡ ਨੇ ਪ੍ਰਸ਼ਾਸਨ ਨੂੰ ਪ੍ਰਾਜੈਕਟ ਲਈ 40 ਲੱਖ ਰੁਪਏ ਦਾ ਫੰਡ ਵੀ ਜਾਰੀ ਕੀਤਾ ਸੀ ਅਤੇ ਉਸੇ ਤਹਿਤ ਕਮੇਟੀ ਇਸ ’ਤੇ ਅੱਗੇ ਕੰਮ ਕਰ ਰਹੀ ਹੈ। ਸੀ. ਪੀ. ਸੀ. ਸੀ. ਦੇ ਮੈਂਬਰ ਸਕੱਤਰ ਅਰੁਲਰਾਜਨ ਪੀ. ਨੇ ਦੱਸਿਆ ਕਿ ਉਹ ਇਹ ਸਟੱਡੀ ਕਰਵਾਉਣ ਜਾ ਰਹੇ ਹਨ, ਜਿਸ ਲਈ ਹਾਲ ਹੀ ਵਿਚ ਉਨ੍ਹਾਂ ਨੇ ਇੱਛੁਕ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਪ੍ਰਾਜੈਕਟ ਲਈ ਹੀ ਬੋਰਡ ਵਲੋਂ 40 ਲੱਖ ਰੁਪਏ ਵੀ ਉਨ੍ਹਾਂ ਨੂੰ ਜਾਰੀ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਮੱਧ ਮਾਰਗ ਸਮੇਤ ਟ੍ਰਿਬਿਊਨ ਚੌਕ ਆਦਿ ਨੂੰ ਵੀ ਸਟੱਡੀ ਵਿਚ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਇੱਥੇ ਪੀਕ ਆਵਰਜ਼ ਵਿਚ ਸਭ ਤੋਂ ਜ਼ਿਆਦਾ ਟ੍ਰੈਫਿਕ ਜਾਮ ਹੁੰਦਾ ਹੈ, ਜੋ ਪ੍ਰਦੂਸ਼ਣ ਦਾ ਵੀ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਉਦਯੋਗਿਕ ਖੇਤਰ ਵਿਚ ਵੀ ਇੰਡਸਟਰੀ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਸਟੱਡੀ ਤੋਂ ਬਾਅਦ ਹੀ ਇਹ ਸਾਹਮਣੇ ਆਵੇਗਾ ਕਿ ਕਿਸ ਤਰ੍ਹਾਂ ਦਾ ਪ੍ਰਦੂਸ਼ਣ ਕਿਹੜੇ ਏਰੀਆ ਵਿਚ ਜ਼ਿਆਦਾ ਹੈ ਅਤੇ ਇਨ੍ਹਾਂ ਦੇ ਹੱਲ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ। ਵਿਭਾਗ ਅਨੁਸਾਰ ਉਦਯੋਗਿਕ ਖੇਤਰ ਵਿਚ ਉਹ ਅਜਿਹੇ ਦਰੱਖਤ ਲਾਉਣਗੇ, ਜੋ ਇੱਥੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਮਦਦ ਕਰਨਗੇ।

ਇਹ ਵੀ ਪੜ੍ਹੋ : ਡਾ. ਸੁਖਵਿੰਦਰ ਸੁੱਖੀ ਦਾ ਦਾਅਵਾ, ਜ਼ਿਮਨੀ ਚੋਣ 'ਚ ਚੜ੍ਹੇਗਾ ਅਕਾਲੀ-ਬਸਪਾ ਦਾ ਸੂਰਜ, ਹਾਰੇਗੀ ਝੂਠ ਦੀ ਸਿਆਸਤ 

ਚੰਡੀਗੜ੍ਹ ’ਚ ਲਗਭਗ 50 ਫ਼ੀਸਦੀ ਏਰੀਆ ਗ੍ਰੀਨ ਕਵਰ ਹੈ। ਸ਼ਹਿਰ ਦੀ ਆਬਾਦੀ 12 ਲੱਖ ਹੈ ਅਤੇ ਦੂਜੇ ਪਾਸੇ ਵਾਹਨਾਂ ਦੀ ਗਿਣਤੀ ਵਧ ਕੇ 11 ਲੱਖ ਪਹੁੰਚ ਗਈ ਹੈ। ਜਨਸੰਖਿਆ ਅਤੇ ਵਾਹਨਾਂ ਵਿਚ ਤੇਜ਼ੀ ਨਾਲ ਵਾਧੇ ਕਾਰਨ ਸ਼ਹਿਰ ਵਿਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ, ਜਿਸ ਨਾਲ ਪ੍ਰਸ਼ਾਸਨ ਦੇ ਸਾਹਮਣੇ ਇਕ ਨਵੀਂ ਚੁਣੌਤੀ ਪੈਦਾ ਹੋ ਗਈ ਹੈ।ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨ ਹਨ। ਇਨ੍ਹਾਂ ਵਿਚ ਜਿਹੜੇ ਕਾਰਨਾਂ ਕਰ ਕੇ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਹੈ, ਉਨ੍ਹਾਂ ਦੀ ਪਛਾਣ ਅਤੇ ਉਨ੍ਹਾਂ ਦੇ ਹੱਲ ਲਈ ਹੀ ਪ੍ਰਸ਼ਾਸਨ ਨੇ ਇਹ ਸਟੱਡੀ ਕਰਵਾਉਣ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਹਵਾ ਪ੍ਰਦੂਸ਼ਣ ਦੇ ਸਰੋਤਾਂ ਵਿਚ ਪ੍ਰਮੁੱਖ ਰੂਪ ’ਚ ਵਾਹਨ, ਉਦਯੋਗ, ਘਰੇਲੂ ਅਤੇ ਕੁਦਰਤੀ ਸਰੋਤ ਸ਼ਾਮਲ ਹਨ। ਹਵਾ ਵਿਚ ਪ੍ਰਦੂਸ਼ਣ ਹੋਣ ਕਾਰਨ ਇਹ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇੰਝ ਕੀਤੀ ਜਾਵੇਗੀ ਸਟੱਡੀ
ਪਹਿਲਾਂ ਤਾਂ ਪ੍ਰਦੂਸ਼ਣ ਦੇ ਸਾਰੇ ਸਰੋਤਾਂ ਦੀ ਪਛਾਣ ਕੀਤੀ ਜਾਵੇਗੀ। ਉਦਯੋਗਿਕ, ਘਰੇਲੂ, ਕਾਰੋਬਾਰੀ ਸੰਸਥਾਵਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਡਾਟਾ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਵਾਹਨਾਂ ’ਤੇ ਮੁੱਢਲਾ ਡਾਟਾ ਇਕੱਠਾ ਕੀਤਾ ਜਾਵੇਗਾ। ਇਨ੍ਹਾਂ ਵਿਚ ਹਰ ਇਕ ਤਰ੍ਹਾਂ ਦੇ ਵਾਹਨ ਵਲੋਂ ਸੜਕ ’ਤੇ ਤੈਅ ਕੀਤੀ ਗਈ ਔਸਤ ਦੂਰੀ, ਉਨ੍ਹਾਂ ਦੀ ਜਾਂਚ ਅਤੇ ਸਾਂਭ-ਸੰਭਾਲ ਸਮੇਂ ਸਿਰ ਹੋ ਰਿਹਾ ਹੈ ਜਾਂ ਨਹੀਂ, ਇਹ ਸਭ ਸ਼ਾਮਲ ਹੋਵੇਗਾ। ਡਾਟਾ ਯਾਤਰਾ ਰਾਹੀਂ ਪ੍ਰਦੂਸ਼ਣ ਭਾਰ ਦਾ ਅੰਦਾਜ਼ਾ ਲਾਉਣ ਵਿਚ ਮਦਦ ਕਰੇਗਾ।

ਹਰ ਤਿੰਨ ਮਿੰਟ ’ਚ ਸੜਕ ’ਤੇ ਉਤਰ ਰਿਹੈ ਨਵਾਂ ਵਾਹਨ
ਚੰਡੀਗੜ੍ਹ ਇਕ ਲੈਂਡਲਾਕਡ ਸ਼ਹਿਰ ਹੈ, ਜਿਸ ਵਿਚ ਵਿਸਥਾਰ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸ਼ਹਿਰ ਦੀਆਂ ਸੜਕਾਂ ਨੂੰ ਵੀ ਹੋਰ ਜ਼ਿਆਦਾ ਚੌੜਾ ਨਹੀਂ ਕੀਤਾ ਜਾ ਸਕਦਾ। ਵੱਖ-ਵੱਖ ਸਟੱਡੀ ਤੋਂ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਵਿਚ ਹਵਾ ਦੀ ਗੁਣਵੱਤਾ ਜ਼ਿਆਦਾਤਰ ਸ਼ਹਿਰ ਦੇ ਵਾਹਨਾਂ ਦੇ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੁੰਦੀ ਹੈ। ਇਕ ਘਰ ਵਿਚ ਦੋ ਤੋਂ ਜ਼ਿਆਦਾ ਵਾਹਨ ਹਨ।
ਚੰਡੀਗੜ੍ਹ ਦੇਸ਼ ਵਿਚ ਸਭ ਤੋਂ ਜ਼ਿਆਦਾ ਕਾਰਾਂ ਦੀ ਘਣਤਾ ਵਾਲਾ ਸ਼ਹਿਰ ਹੈ। ਹਰ ਤਿੰਨ ਮਿੰਟ ਵਿਚ ਇਕ ਨਵਾਂ ਵਾਹਨ ਸੜਕ ’ਤੇ ਉੱਤਰ ਰਿਹਾ ਹੈ। ਸ਼ਹਿਰ ਵਿਚ ਹਵਾ ਦੀ ਗੁਣਵੱਤਾ ਵੱਖ-ਵੱਖ ਤਰ੍ਹਾਂ ਦੇ ਸਰੋਤਾਂ ਤੋਂ ਪ੍ਰਭਾਵਿਤ ਹੁੰਦੀ ਹੈ। ਪ੍ਰਮੁੱਖ ਸਰੋਤਾਂ ਦੀ ਪਛਾਣ ਲਈ ਵਿਸ਼ਾਲ ਸਾਇੰਟੀਫਿਕ ਸਟੱਡੀ ਦੀ ਲੋੜ ਹੈ। ਸ਼ਹਿਰੀ ਹਵਾ ਪ੍ਰਦੂਸ਼ਣ ਵਿਚ ਉਨ੍ਹਾਂ ਦੇ ਯੋਗਦਾਨ ਦਾ ਮੁਲਾਂਕਣ ਕਰਨਾ ਅਤੇ ਉਸ ਨੂੰ ਘੱਟ ਕਰਨ ਦਾ ਸੁਝਾਅ ਅਤੇ ਹੱਲ ਹੀ ਇਸ ਸਟੱਡੀ ਦਾ ਉਦੇਸ਼ ਹਨ। ਇਸ ਤੋਂ ਇਲਾਵਾ ਵੱਖ-ਵੱਖ ਹਵਾ ਪ੍ਰਦੂਸ਼ਣ ਦੇ ਕਾਰਨਾਂ, ਉਨ੍ਹਾਂ ਦੀ ਉਤਸਰਜਨ ਦਰਾਂ ਲਈ ਸੂਚੀ ਤਿਆਰ ਕਰਨਾ ਵੀ ਸਟੱਡੀ ਦਾ ਮਕਸਦ ਹੈ।

ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਸੀ ਰੂਹ ਕੰਬਾਊ ਹਾਦਸਾ, ਗਰਭਵਤੀ ਔਰਤ ਦੇ ਢਿੱਡ 'ਚ ਪਲ ਰਹੇ ਬੱਚੇ ਦੀ ਹੋਈ ਮੌਤ    

400 ਤਕ ਪਹੁੰਚ ਗਿਆ ਸੀ ਏ. ਕਿਊ. ਆਈ.
ਦੱਸਣਯੋਗ ਹੈ ਕਿ ਪਿਛਲੇ ਸਾਲ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦਾ ਅਸਰ ਵੀ ਚੰਡੀਗੜ੍ਹ ਵਿਚ ਸਾਫ਼ ਦੇਖਣ ਨੂੰ ਮਿਲਿਆ ਸੀ ਅਤੇ ਨਵੰਬਰ ਮਹੀਨੇ ਵਿਚ ਇਕ ਦਿਨ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਅਾਈ.) 400 ਤਕ ਪਹੁੰਚ ਗਿਆ ਸੀ, ਜਿਸ ਨੂੰ ਸਾਹ ਦੇ ਮਰੀਜ਼ਾਂ ਲਈ ਖਤਰਨਾਕ ਮੰਨਿਆ ਜਾਂਦਾ ਹੈ। ਕੁਝ ਏਰੀਆ ਵਿਚ ਇਹ 400 ਤੋਂ ਉੱਤੇ ਵੀ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਜਨਵਰੀ ਮਹੀਨੇ ਵਿਚ ਸ਼ਹਿਰ ਦੀ ਏਅਰ ਕੁਆਲਿਟੀ ਕਈ ਏਰੀਆ ਵਿਚ 300 ਤੋਂ ਉੱਪਰ ਹੀ ਰਹੀ ਸੀ। ਫਰਵਰੀ ਅਤੇ ਮਾਰਚ ਦੇ ਅੱਧੇ ਮਹੀਨੇ ਵੀ ਹਵਾ ਖ਼ਰਾਬ ਹੀ ਸੀ ਪਰ ਮੀਂਹ ਤੋਂ ਬਾਅਦ ਹੀ ਇਸ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ ਸੀ। ਹੁਣ ਅਪ੍ਰੈਲ ਮਹੀਨੇ ਵਿਚ ਸ਼ਨੀਵਾਰ ਇਹ 133 ਦੇ ਕਰੀਬ ਚੱਲ ਰਹੀ ਹੈ, ਜਿਸ ਨੂੰ ਮਾਡਰੇਟ ਮੰਨਿਆ ਜਾਂਦਾ ਹੈ।

ਇਹ ਹਨ ਪ੍ਰਮੁੱਖ ਸਰੋਤ
-ਵਾਹਨ ਘਣਤਾ।
-ਸੜਕ ਕੰਢੇ ਦੀ ਧੂੜ।
-ਸੁੱਕੇ ਪੱਤਿਆਂ ਨੂੰ ਸਾੜਨਾ।
-ਸ਼ਹਿਰ ’ਚ ਦਰੱਖਤਾਂ ਅਤੇ ਗਾਰਡਨਾਂ ਤੋਂ ਨਿਕਲਣ ਵਾਲਾ ਕੂੜਾ।
-ਸ਼ਹਿਰ ਨਾਲ ਲੱਗਦੇ ਕੁਝ ਖੇਤਰਾਂ ’ਚ ਜਨਰੇਟਰ ਸੈੱਟਾਂ ਦਾ ਚੱਲਣਾ।
-ਚੰਡੀਗੜ੍ਹ ਦੇ ਗੁਆਂਢੀ ਇਲਾਕਿਆਂ ਵਿਚ ਸਾਲ ਦੇ ਖਾਸ ਮੌਸਮ ’ਚ ਪਰਾਲੀ ਸਾੜਨਾ

ਇਹ ਵੀ ਪੜ੍ਹੋ : ਕਣਕ ਦੇ MSP ਤੇ ਕੇਂਦਰ ਸਰਕਾਰ ਵੱਲੋਂ ਕੀਤੀ ਕਟੌਤੀ ਦੇ ਅੰਤਰ ਨੂੰ ਭਰਨ ਦੇ ਐਲਾਨ ਨਾਲ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha