ਖੁਲਾਸਾ! ਹਵਾ ਦੇ ਪ੍ਰਦੂਸ਼ਣ ਨਾਲ ਹੁੰਦੀਆਂ ਨੇ ਮੌਤਾਂ, ਹਰ 3 ਮਿੰਟ ਬਾਅਦ ਮਰਦਾ ਹੈ 1 ਬੱਚਾ

10/22/2019 12:03:15 PM

ਜਲੰਧਰ (ਸੂਰਜ ਠਾਕੁਰ)— ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਹੁੰਦੇ ਹੀ ਪਰਾਲੀ ਸੜਨ ਲੱਗਦੀ ਹੈ ਅਤੇ ਜ਼ਹਿਰੀਲਾ ਧੂੰਆਂ ਸ਼ੁੱਧ ਵਾਤਾਵਰਣ 'ਚ ਘੁਲਣ ਲੱਗਦਾ ਹੈ। ਪੂਰੇ ਦੇਸ਼ 'ਚ ਹਰ ਸਾਲ ਤਕਰੀਬਨ 35 ਮਿਲੀਅਨ ਟਨ ਖੇਤੀ ਦੀ ਰਹਿੰਦ-ਖੂੰਹਦ ਇਕ ਨਿਸ਼ਚਿਤ ਸਮੇਂ 'ਚ ਸਾੜੀ ਜਾਂਦੀ ਹੈ, ਜਿਸ ਨਾਲ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸੂਬਿਆਂ 'ਚ ਸਥਿਤੀ ਡਰਾਉਣੀ ਹੋ ਜਾਂਦੀ ਹੈ, ਜੇਕਰ ਕੂੜੇ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ ਭਾਰਤ 'ਚ ਪੈਦਾ ਹੁੰਦੇ ਸਮੁੱਚੇ ਕੂੜੇ 'ਚੋਂ ਸਿਰਫ 25 ਫੀਸਦੀ ਨੂੰ ਕਿਸੇ ਟਿਕਾਣੇ ਲਾਇਆ ਜਾਂਦਾ ਹੈ ਜਦੋਂ ਕਿ ਬਾਕੀ ਖੁੱਲ੍ਹੇ 'ਚ ਸੁੱਟ ਦਿੱਤਾ ਜਾਂਦਾ ਹੈ ਜਾਂ ਫਿਰ ਸਾੜ ਦਿੱਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ 'ਚ ਪਾਬੰਦੀ ਦੇ ਬਾਵਜੂਦ ਅੱਜਕੱਲ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਕਿਸਾਨਾਂ ਨੂੰ ਸਰਕਾਰ ਚੇਤੰਨ ਵੀ ਕਰ ਰਹੀ ਹੈ ਪਰ ਇਸ ਗੱਲ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ ਹੈ ਕਿ ਲੋਕ ਹਵਾ ਦੇ ਪ੍ਰਦੂਸ਼ਣ ਕਾਰਣ ਫੈਲ ਰਹੀਆਂ ਬੀਮਾਰੀਆਂ ਦਾ ਸਾਹਮਣਾ ਕਰਦੇ ਹੋਏ ਆਪਣੀਆਂ ਜਾਨਾਂ ਗੁਆ ਰਹੇ ਹਨ। ਪੰਜਾਬ ਤੇ ਹਰਿਆਣਾ ਦੇ ਖੇਤਾਂ ਵਿਚ ਕੁਲ 3 ਕਰੋੜ 50 ਲੱਖ ਟਨ ਪਰਾਲੀ ਸਾੜੀ ਜਾਂਦੀ ਹੈ। ਇਕ ਟਨ ਪਰਾਲੀ ਸਾੜਨ ਨਾਲ 2 ਕਿਲੋ ਸਲਫਰ ਡਾਇਆਕਸਾਈਡ, 60 ਕਿਲੋ ਕਾਰਬਨ ਮੋਨੋ ਆਕਸਾਈਡ, 1460 ਕਿਲੋ ਕਾਰਬਨ ਡਾਇਆਕਸਾਈਡ ਅਤੇ 199 ਕਿਲੋ ਸੁਆਹ ਪੈਦਾ ਹੁੰਦੀ ਹੈ। ਤੁਹਾਨੂੰ 7 ਖੋਜਾਂ ਬਾਰੇ ਦੱਸਦੇ ਹਾਂ ਕਿ ਅਜਿਹੀ ਕਾਰਵਾਈ ਤੁਹਾਡੀ ਸਿਹਤ ਲਈ ਕਿੰਨੀ ਮਾੜੀ ਹੈ।

ਖੋਜ-1
ਸਿਰਫ 9 ਫੀਸਦੀ ਲੋਕਾਂ ਨੂੰ ਹੀ ਹਾਸਲ ਹੈ ਸ਼ੁੱਧ ਹਵਾ
ਭਾਰਤ 'ਚ ਹਵਾ ਦੇ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਜਥੇਬੰਦੀ (ਡਬਲਿਊ. ਐੱਚ. ਓ.) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਰ ਭਾਰਤੀ ਅਜਿਹੀ ਹਵਾ 'ਚ ਸਾਹ ਲੈ ਰਿਹਾ ਹੈ ਜਿਹੜੀ ਅਸੁਰੱਖਿਅਤ ਹੈ। ਇਸ ਰਿਪੋਰਟ ਮੁਤਾਬਕ ਵਿਸ਼ਵ ਦੀ 91 ਫੀਸਦੀ ਆਬਾਦੀ ਲਈ ਹਵਾ ਨੁਕਸਾਨਦੇਹ ਹੈ। ਦੁਨੀਆ ਦੇ ਸਿਰਫ 9 ਫੀਸਦੀ ਲੋਕ ਹੀ ਹਵਾ ਦੇ ਪ੍ਰਦੂਸ਼ਣ ਦੇ ਘੇਰੇ ਤੋਂ ਬਾਹਰ ਹਨ।

ਖੋਜ-2
ਦਿਲ ਦਾ ਦੌਰਾ ਪੈਣ ਨਾਲ ਹੁੰਦੀਆਂ ਹਨ ਮੌਤਾਂ ਅਤੇ ਕਮਜ਼ੋਰ ਯਾਦਦਾਸ਼ਤ
ਅੰਕੜਿਆਂ ਅਨੁਸਾਰ ਦੁਨੀਆ ਭਰ 'ਚ ਹਰ ਵਰ੍ਹੇ ਹਵਾ ਦੇ ਪ੍ਰਦੂਸ਼ਣ ਨਾਲ 70 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਧਰੰਗ 24 ਫੀਸਦੀ ਲੋਕਾਂ ਨੂੰ ਹੁੰਦਾ ਹੈ ਅਤੇ ਦਿਲ ਦਾ ਦੌਰਾ ਪੈਣ ਨਾਲ 25 ਫੀਸਦੀ ਮੌਤਾਂ ਦੀ ਵਜ੍ਹਾ ਹਵਾ ਦਾ ਪ੍ਰਦੂਸ਼ਣ ਹੈ। ਵਾਰਵਿਕ ਯੂਨੀਵਰਸਿਟੀ ਵਲੋਂ ਕੀਤੀ ਗਈ ਇਕ ਨਵੀਂ ਖੋਜ ਮੁਤਾਬਕ ਹਵਾ 'ਚ ਮੌਜੂਦ ਨਾਈਟ੍ਰੋਜਨ ਡਾਇਆਕਸਾਈਡ ਅਤੇ ਪੀ. ਐੱਮ.-10 ਦਾ ਵਧਦਾ ਪੱਧਰ ਸਾਡੀ ਯਾਦਦਾਸ਼ਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇੰਗਲੈਂਡ ਦੇ ਲੋਕਾਂ ਬਾਰੇ ਖੋਜ ਵਿਚ ਦੱਸਿਆ ਗਿਆ ਹੈ ਕਿ ਉਮਰ ਵਧਣ ਨਾਲ ਸਾਡੀ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਚਲੀ ਜਾਂਦੀ ਹੈ। ਖੋਜਕਰਤਾਵਾਂ ਮੁਤਾਬਕ ਇੰਗਲੈਂਡ ਦੇ ਸਭ ਤੋਂ ਸਾਫ-ਸੁਥਰੇ ਅਤੇ ਸਭ ਤੋਂ ਪ੍ਰਦੂਸ਼ਿਤ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀ ਉਮਰ 'ਚ 10 ਸਾਲ ਦਾ ਫਰਕ ਹੁੰਦਾ ਹੈ ਅਰਥਾਤ ਸਾਫ-ਸੁਥਰੇ ਇਲਾਕਿਆਂ 'ਚ ਰਹਿਣ ਵਾਲੇ 70 ਸਾਲ ਦੇ ਵਿਅਕਤੀ ਦੀ ਯਾਦਦਾਸ਼ਤ ਪ੍ਰਦੂਸ਼ਿਤ ਇਲਾਕਿਆਂ 'ਚ ਰਹਿਣ ਵਾਲੇ 60 ਸਾਲ ਦੇ ਵਿਅਕਤੀ ਦੇ ਮੁਕਾਬਲੇ ਵੱਧ ਹੁੰਦੀ ਹੈ।

ਖੋਜ-3
ਹਵਾ ਦੇ ਪ੍ਰਦੂਸ਼ਣ ਨਾਲ ਹਰ 3 ਮਿੰਟ 'ਚ ਇਕ ਬੱਚੇ ਦੀ ਮੌਤ
ਹਵਾ ਦੇ ਪ੍ਰਦੂਸ਼ਣ ਨਾਲ ਭਾਰਤ 'ਚ ਹਰ 3 ਮਿੰਟ 'ਚ ਜਨਮ ਤੋਂ 5 ਸਾਲ ਤਕ ਦੀ ਉਮਰ ਵਾਲੇ ਇਕ ਬੱਚੇ ਦੀ ਮੌਤ ਹੋ ਜਾਂਦੀ ਹੈ। 2017 'ਚ ਭਾਰਤ 'ਚ ਹਵਾ ਦੇ ਪ੍ਰਦੂਸ਼ਣ ਨਾਲ 1 ਲੱਖ 95 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋਈ। ਰੋਜ਼ਾਨਾ ਲਗਭਗ 508 ਬੱਚਿਆਂ ਦੀ ਮੌਤ ਇਸੇ ਤਰ੍ਹਾਂ ਹੁੰਦੀ ਹੈ। ਇਹ ਅੰਕੜੇ ਗਲੋਬਲ ਬਰਡਨ ਡਿਸੀਜ਼ਜ਼, ਭਾਰਤੀ ਜਨਤਕ ਸਿਹਤ ਫਾਊਂਡੇਸ਼ਨ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਕੀਤੀ ਗਈ ਇਕ ਸਾਂਝੀ ਖੋਜ ਵਿਚ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹੋਰਨਾਂ ਗੈਸਾਂ ਤੋਂ ਇਲਾਵਾ ਸੂਖਮ ਕਣਾਂ ਦਾ ਵੀ ਵੱਡੀ ਮਾਤਰਾ 'ਚ ਫੈਲਾਅ ਹੁੰਦਾ ਹੈ। ਇਸ ਨਾਲ ਬੱਚਿਆਂ ਦੇ ਫੇਫੜੇ ਕਮਜ਼ੋਰ ਪੈ ਜਾਂਦੇ ਹਨ, ਜਿਸ ਦਾ ਲੰਮੇ ਸਮੇਂ ਵਿਚ ਬਹੁਤ ਬੁਰਾ ਅਸਰ ਪੈਂਦਾ ਹੈ।

ਖੋਜ-4
ਫੇਫੜਿਆਂ ਦੇ ਕੈਂਸਰ ਦੀਆਂ ਸੰਭਾਵਨਾਵਾਂ ਜ਼ਿਆਦਾ
ਸਰ ਗੰਗਾਰਾਮ ਹਸਪਤਾਲ ਅਤੇ ਫੇਫੜਿਆਂ ਦੀ ਸੰਭਾਲ ਬਾਰੇ ਫਾਊਂਡੇਸ਼ਨ ਦੇ ਸਰਜਨਾਂ ਵੱਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਫੇਫੜਿਆਂ ਦਾ ਕੈਂਸਰ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਹਸਪਤਾਲ 'ਚ ਪਿਛਲੇ 30 ਸਾਲਾਂ ਵਿਚ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ ਦੇ ਵਿਸ਼ਲੇਸ਼ਣ ਤੋਂ ਇਹ ਨਤੀਜਾ ਨਿਕਲਿਆ ਕਿ 50 ਸਾਲਾਂ ਤੋਂ ਘੱਟ ਉਮਰ ਦੇ ਅਜਿਹੇ 70 ਮਰੀਜ਼ ਜਿਨ੍ਹਾਂ ਦੇ ਫੇਫੜਿਆਂ ਦਾ ਆਪਰੇਸ਼ਨ ਕੀਤਾ ਗਿਆ ਸੀ, ਉਹ ਸਿਗਰਟਨੋਸ਼ੀ ਨਹੀਂ ਕਰਦੇ ਸਨ ਅਤੇ ਉਹ ਪ੍ਰਦੂਸ਼ਣ ਦਾ ਸ਼ਿਕਾਰ ਹੋਏ। ਹਸਪਤਾਲ ਨਾਲ ਸਬੰਧਤ ਡਾਕਟਰ ਹਰਸ਼ਵਰਧਨ ਕਹਿੰੰਦੇ ਹਨ ਕਿ ਫੇਫੜੇ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਖੋਜ-5
ਅੱਖਾਂ ਲਈ ਮਾਰੂ ਹੈ ਹਵਾ ਦਾ ਪ੍ਰਦੂਸ਼ਣ
ਡਾਕਟਰੀ ਵਿਗਿਆਨਾਂ ਬਾਰੇ ਸਰਬ ਭਾਰਤੀ ਸੰਸਥਾ (ਏਮਜ਼) ਦੀ ਅੱਖਾਂ ਦੀਆਂ ਬੀਮਾਰੀਆਂ ਬਾਰੇ ਪ੍ਰੋਫੈਸਰ ਡਾ. ਰਾਧਿਕਾ ਟੰਡਨ ਦਾ ਕਹਿਣਾ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਲਗਭਗ ਸਾਰੇ ਤੱਤਾਂ ਦਾ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਭਾਰਤ 'ਚ ਸੁੱਕੀਆਂ ਅੱਖਾਂ ਦੀ ਐਲਰਜੀ ਵਿਚ ਕਈ ਗੁਣਾ ਵਾਧਾ ਹੋਇਆ ਹੈ। ਏਮਜ਼ 'ਚ ਹਰ ਹਫਤੇ ਅਜਿਹੇ 50 ਤੋਂ 100 ਮਾਮਲੇ ਸਾਹਮਣੇ ਆਉਂਦੇ ਹਨ।

ਖੋਜ-6
ਸ਼ੂਗਰ ਦੇ ਮਰੀਜ਼ਾਂ ਲਈ ਮਾਰੂ ਹੈ ਹਵਾ ਦਾ ਪ੍ਰਦੂਸ਼ਣ
ਮਨੁੱਖੀ ਸਿਹਤ ਅਤੇ ਹਵਾ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਅੰਕੜੇ ਦੱਸਦੇ ਹਨ ਕਿ ਭਾਰਤ 'ਚ ਹੋਣ ਵਾਲੀਆਂ ਕੁਲ ਮੌਤਾਂ 'ਚੋਂ 25 ਫੀਸਦੀ ਹਵਾ ਦੇ ਪ੍ਰਦੂਸ਼ਣ ਕਾਰਣ ਹੁੰਦੀਆਂ ਹਨ। ਪ੍ਰਦੂਸ਼ਣ ਹਵਾ 'ਚ ਮੌਜੂਦ ਮਾਈਕ੍ਰੋਨ ਤੋਂ ਵੀ ਘੱਟ ਆਕਾਰ ਦੇ ਬਾਰੀਕ ਕਣ ਮੌਤਾਂ ਲਈ ਜ਼ਿੰਮੇਵਾਰ ਹਨ। ਭਾਰਤ 'ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਦੇ ਕੁਲ ਇਸ ਬੀਮਾਰੀ ਦੇ ਮਰੀਜ਼ਾਂ ਦਾ ਅੱਧਾ ਹਿੱਸਾ ਹੈ। ਪੰਜਾਬ, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਉੱਚੀ ਆਮਦਨ ਵਰਗੇ ਰਾਜਾਂ 'ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ।

ਖੋਜ-7
ਜ਼ਮੀਨ ਦਾ ਵਧ ਰਿਹਾ ਤਾਪਮਾਨ ਹਵਾ ਦੇ ਪ੍ਰਦੂਸ਼ਣ ਕਾਰਨ
ਪ੍ਰਿਥਵੀ ਦੀ ਗਰਮਾਇਸ਼ ਵਧਦੀ ਹੈ ਕਿਉਂਕਿ ਵਾਤਾਵਰਣ 'ਚ ਕਾਰਬਨ ਡਾਇਆਕਸਾਈਡ, ਮਿਥੇਨ ਅਤੇ ਨਾਈਟ੍ਰਸ ਆਕਸਾਈਡ ਦਾ ਪ੍ਰਭਾਵ ਸੂਰਜ ਤੋਂ ਆਉਣ ਵਾਲੀ ਗਰਮੀ ਕਾਰਣ ਵਧ ਜਾਂਦਾ ਹੈ, ਜਿਸ ਨਾਲ ਸਿਹਤ ਨੂੰ ਵਧੇਰੇ ਨੁਕਸਾਨ ਹੋ ਸਕਦਾ ਹੈ। ਤਾਪਮਾਨ 'ਚ ਅਚਾਨਕ ਵਾਧੇ ਕਾਰਨ ਵੱਖ-ਵੱਖ ਰੋਗਾਂ ਜਿਵੇਂ ਦਸਤ, ਪੇਟ 'ਚ ਦਰਦ, ਉਲਟੀਆਂ, ਸਿਰਦਰਦ ਅਤੇ ਬੁਖਾਰ ਹੋਣ ਲੱਗਦੇ ਹਨ। ਗਰਮੀ 'ਚ ਵਾਧੇ ਕਾਰਨ ਚਮੜੀ ਦੇ ਰੋਗ ਅਤੇ ਖੁਰਕ ਦੀਆਂ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ।

shivani attri

This news is Content Editor shivani attri