ਪ੍ਰਦੂਸ਼ਣ ਮੁਕਤੀ ਦੇ ਦਾਅਵੇ ਪਰ CNG ਬਣੀ ਸਿਰਦਰਦੀ, ਬੁਰੇ ਫਸੇ ਆਟੋ ਚਾਲਕ

10/10/2019 8:56:40 PM

ਜਲੰਧਰ— ਸ਼ਹਿਰ ਦੀ ਹਵਾ ਨੂੰ ਸ਼ੁੱਧ ਰੱਖਣ ਲਈ ਚਲ ਰਹੇ ਕਰੀਬ ਦੋ ਹਜ਼ਾਰ (ਕੰਪ੍ਰੈਸਡ ਨੈਚੁਰਲ ਗੈਸ) ਸੀ. ਐੱਨ. ਜੀ. ਆਟੋ ਰਿਕਸ਼ਾ ਮਾਲਕਾਂ ਦੀ ਰੋਜ਼ੀ-ਰੋਟੀ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਅਮਲ 'ਚ ਲਿਆਉਣ ਲਈ 2018 'ਚ ਡੀਜ਼ਲ ਅਤੇ ਪੈਟਰੋਲ ਆਟੋ ਰਿਕਸ਼ਾ ਤੋਂ ਨਿਜਾਤ ਪਾਉਣ ਲਈ ਇਨ੍ਹਾਂ ਨੂੰ ਸੀ. ਐੱਨ. ਜੀ. 'ਚ ਕਨਵਰਟ ਕਰਨ ਦੀ ਯੋਜਨਾ 'ਤੇ ਪ੍ਰਸ਼ਾਸਨ ਨੇ ਕੰੰਮ ਸ਼ੁਰੂ ਕੀਤਾ ਸੀ। ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਜਲਦੀ 'ਚ ਕਰੀਬ 2000 ਆਟੋ ਮਾਲਕਾਂ ਨੂੰ ਇਸ ਦੇ ਲਈ ਰਾਜ਼ੀ ਤਾਂ ਕਰ ਲਿਆ ਗਿਆ ਪਰ ਇਕ ਸਾਲ 'ਚ ਹੀ ਇਸ ਯੋਜਨਾ ਦੇ ਸਾਹ ਫੁਲ ਗਏ, ਹੁਣ ਹਾਲਾਤ ਅਜਿਹੇ ਹਨ ਕਿ ਸ਼ਹਿਰ ਦਾ ਇਕਲੌਤਾ ਸੀ. ਐੱਨ. ਜੀ. ਪੰਪ ਬੰਦ ਹੋਣ ਦੇ ਕਗਾਰ 'ਤੇ ਹੈ ਅਤੇ ਗੈਸ ਸਮੇਂ 'ਤੇ ਨਾ ਮਿਲਣ ਕਰਕੇ ਆਟੋ ਰਿਕਸ਼ਾ ਚੌਕਾਂ 'ਤੇ ਖੜ੍ਹੇ ਰਹਿੰਦੇ ਹਨ। ਗੈਸ ਭਰਵਾਉਣ ਲਈ ਜਾਓ ਤਾਂ ਕਰੀਬ 3 ਘੰਟੇ ਲੱਗ ਜਾਂਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੰਪ ਮਾਲਕ ਅਤੇ ਉਨ੍ਹਾਂ ਦੇ ਕਰਮਚਾਰੀ ਰਸੀਦ ਤੱਕ ਨਹੀਂ ਦਿੰਦੇ ਹਨ। 

ਇੰਝ ਸ਼ੁਰੂ ਹੋਇਆ ਸੀ ਵਿਵਾਦ 
3 ਜਨਵਰੀ 2018 ਨੂੰ ਕੇਂਦਰ ਸਰਕਾਰ ਨੇ ਪੰਜਾਬ ਨੂੰ ਸੀ. ਐੱਨ. ਜੀ. ਸਪਲਾਈ ਕਰਨ ਵਾਲੇ ਸੂਬਿਆਂ ਦੀ ਸੂਚੀ 'ਚ ਸ਼ਾਮਲ ਕਰ ਦਿੱਤਾ ਸੀ। ਲਾਇਸੈਂਸ ਦੀ ਮਨਜ਼ੂਰੀ ਤੋਂ ਬਾਅਦ ਜੈ ਮਧੋਕ ਐਨਰਜੀ ਨੇ ਜਲੰਧਰ 'ਚ ਸੀ. ਐੱਨ. ਜੀ. ਪੰਪ ਸ਼ੁਰੂ ਕੀਤਾ। ਪੰਪ ਦੇ ਆਪਰੇਸ਼ਨਲ ਹੋਣ ਤੋਂ ਬਾਅਦ ਹੀ ਸੀ. ਐੱਨ. ਜੀ. ਆਟੋ ਮਾਲਕਾਂ ਅਤੇ ਕੰਪਨੀ ਵਿਚਾਲੇ ਗੈਸ ਦੇ ਮੁੱਲਾਂ ਨੂੰ ਲੈ ਕੇ ਵਿਵਾਦ ਰਿਹਾ ਹੈ। ਆਟੋ ਮਾਲਕਾਂ ਦਾ ਦੋਸ਼ ਹੈ ਕਿ ਜਦੋਂ ਆਟੋ ਖਰੀਦੇ ਸਨ, ਉਦੋਂ ਰੇਟ 54 ਰੁਪਏ ਪ੍ਰਤੀ ਕਿਲੋ ਸੀ ਪਰ ਹੁਣ ਰੇਟ 90 ਰੁਪਏ ਹੋ ਗਿਆ ਹੈ। ਇਹ ਹੀ ਨਹੀਂ ਪੰਜਾਬ ਦੇ ਕਈ ਹਿੱਸਿਆਂ 'ਚ ਹੁਣ ਇਹ ਰੇਟ 65 ਰੁਪਏ ਕਿਲੋ ਹੈ। ਇਸ ਮਾਮਲੇ 'ਚ ਆਟੋ ਚਾਲਕ ਯੂਨੀਅਨ ਕਈ ਵਾਰ ਕੰਪਨੀ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਵੀ ਕਰ ਚੁੱਕੀ ਹੈ। ਇਸੇ ਵਿਵਾਦ 'ਚ ਇਸੇ ਸਾਲ 11 ਅਗਸਤ ਨੂੰ ਤਾਂ ਕੰਪਨੀ ਨੇ ਪੰਪ 'ਤੇ ਸੀ. ਐੱਨ. ਜੀ. ਦੀ ਸਪਲਾਈ ਪੂਰੀ ਤਰ੍ਹਾਂ ਹੀ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਇਸ ਨੂੰ ਦੋਬਾਰਾ ਸ਼ੁਰੂ ਕੀਤਾ ਗਿਆ। ਇਸ ਕਾਰਨ ਆਟੋ ਮਾਲਕਾਂ ਦੀ ਪਰੇਸ਼ਾਨੀ ਹੋਰ ਵੱਧ ਗਈ। 

ਇਸ ਲਈ ਮਹਿੰਗੀ ਹੋਈ ਸੀ. ਐੱਨ. ਜੀ. ਦੀ ਸਪਲਾਈ 
ਸੀ. ਐੱਨ. ਜੀ. ਸਪਲਾਈ ਮੁਹੱਈਆ ਕਰਵਾ ਰਹੀ ਕੰਪਨੀ ਜੈ ਮੋਧਕ ਐਨਰਜੀ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਸਸਤੇ 'ਚ ਗੈਸ ਨਹੀਂ ਮਿਲ ਰਹੀ ਹੈ ਅਤੇ ਦੋ ਸਾਲ 'ਚ ਉਸ ਨੂੰ ਪੰਜ ਕਰੋੜ ਦਾ ਘਾਟਾ ਹੋ ਚੁੱਕਾ ਹੈ। ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਐਡਮਿਨਿਸਟ੍ਰੇਟਿਵ ਪ੍ਰਾਈਸ ਮੈਨੇਜਮੈਂਟ (ਏ. ਪੀ. ਐੱਮ) ਦੇ ਤਹਿਤ ਸਸਤੇ ਮੁੱਲ 'ਤੇ ਸੀ. ਐੱਨ. ਜੀ. ਉਪਲੱਬਧ ਨਹੀਂ ਕਰਵਾਈ ਗਈ ਤਾਂ ਘਾਟਾ ਖਾ ਚੁੱਕੀ ਕੰਪਨੀ ਜਲੰਧਰ 'ਚ ਗੈਸ ਵੰਡ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ। ਅਜਿਹੇ ਹਾਲਾਤ 'ਚ ਸੀ. ਐੱਨ. ਜੀ. ਆਟੋ ਰਿਕਸ਼ਾ ਮਾਲਕਾਂ ਨੇ ਦੋਬਾਰਾ ਡੀਜ਼ਲ-ਪੈਟਰੋਲ ਦੇ ਆਟੋ ਰਿਕਸ਼ਾ ਕਿਰਾਏ 'ਤੇ ਲਿਆ ਕੇ ਆਪਣਾ ਜੀਵਨ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਮਸਲੇ ਨੂੰ ਲੈ ਕੇ ਕੰਪਨੀ ਦੀ ਇਕ ਜ਼ਿਲਾ ਪ੍ਰਸ਼ਾਸਨ ਦੇ ਨਾਲ ਬੈਠਕ ਵੀ ਹੋਣੀ ਹੈ। ਜੈ ਮੋਧਕ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ 2013 'ਚ ਜਲੰਧਰ 'ਚ ਸੀ. ਐੱਨ. ਜੀ. ਅਤੇ ਘਰਾਂ 'ਚ ਪਾਈਪ ਦੇ ਜ਼ਰੀਏ ਖਾਣਾ ਪਕਾਉਣ ਦੀ ਗੈਸ ਉਪਲੱਬਧ ਕਰਵਾਉਣ ਦਾ ਲਾਇਸੈਂਸ ਮਿਲਿਆ ਸੀ। ਕੰਪਨੀ ਨੂੰ 2015 'ਚ ਲੁਧਿਆਣਾ 'ਚ ਲਏ ਗੈਸ ਵੰਡ ਅਧਿਕਾਰ ਵੀ ਮਿਲਿਆ ਹੈ। ਜਦਕਿ ਇਹ ਪ੍ਰਾਜੈਕਟ ਅਜੇ ਪਾਈਪ ਲਾਈਨ 'ਚ ਹੀ ਹੈ। 


ਪ੍ਰਸ਼ਾਸਨ ਨੇ ਡੀਜ਼ਲ ਆਟੋ ਮਾਲਕਾਂ ਨੂੰ ਦਿਖਾਏ ਸਨ ਸੁਪਨੇ 
ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਡੀਜ਼ਲ ਆਟੋ ਮਾਲਕ ਇਸ ਗੱਲ 'ਤੇ ਅੜੇ ਹੋਏ ਸਨ ਕਿ ਸ਼ਹਿਰ 'ਚ ਪਹਿਲਾਂ ਸੀ. ਐੱਨ. ਜੀ. ਪੰਪ ਸਥਾਪਤ ਕੀਤੇ ਜਾਣ। ਉਸ ਤੋਂ ਬਾਅਦ ਹੀ ਉਹ ਡੀਜ਼ਲ ਆਟੋ ਨੂੰ ਸੀ. ਐੱਨ. ਜੀ. 'ਚ ਕਨਵਰਟ ਕਰਨਗੇ। ਇਸ 'ਤੇ ਉਨ੍ਹਾਂ ਨੂੰ ਫਰਵਰੀ 2018 ਨੂੰ ਹੋਈ ਬੈਠਕ 'ਚ ਸਮਾਰਟ ਸਿਟੀ ਪ੍ਰਾਜੈਕਟ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਸ਼ਹਿਰ 'ਚ 7 ਪੈਟਰੋਲ ਪੰਪਾਂ ਨੂੰ ਸੀ. ਐੱਨ. ਜੀ. ਪੰਪ 'ਚ ਕੰਨਵਰਟ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਦੋ ਪੰਪਾਂ ਲਈ ਪੁੱਡਾ ਨੇ ਅਰਬਨ ਐਸਟੇਟ ਫੇਸ-2 ਅਤੇ 120 ਫੁੱਟੀ ਰੋਡ 'ਤੇ ਪੁੱਡਾ ਦੀਆਂ ਜ਼ਮੀਨਾਂ ਦੀ ਨਿਲਾਮੀ ਕਰ ਦਿੱਤੀ ਹੈ। ਡੀਜ਼ਲ ਆਟੋ ਨੂੰ ਸੀ. ਐੱਨ. ਜੀ. 'ਚ ਕਨਵਰਟ ਕਰਨ ਲਈ ਉਨ੍ਹਾਂ ਦੇ ਮਾਲਕਾਂ ਨੂੰ ਪ੍ਰਾਜੈਕਟ ਤੋਂ ਲੋਣ ਦੇਣ ਦੀ ਵੀ ਵਿਵਸਥਾ ਕਰ ਦਿੱਤੀ ਗਈ। ਪੈਟਰੋਲ ਦੇ ਮੁੱਲ ਮਹਿੰਗੇ ਹੋਣ ਦੇ ਚਲਦਿਆਂ ਆਟੋ ਮਾਲਕਾਂ ਨੇ ਪ੍ਰਸ਼ਾਸਨ ਦੀ ਸਲਾਹ ਮੰਨ ਲਈ ਸੀ ਅਤੇ ਸਹਿਰ 'ਚ 2 ਹਜ਼ਾਰ ਦੇ ਕਰੀਬ ਸੀ. ਐੱਨ. ਜੀ. ਆਟੋ ਵੀ ਦੌੜਨ ਲੱਗ ਗਏ ਸਨ।

shivani attri

This news is Content Editor shivani attri