ਸਤੰਬਰ ਮਹੀਨੇ ਏਮਜ਼ ''ਚ ਮਰੀਜ਼ਾਂ ਦਾ ਇਲਾਜ ਹੋ ਜਾਵੇਗਾ ਸ਼ੁਰੂ : ਹਰਸਿਮਰਤ

07/15/2019 11:41:04 PM

ਬਠਿੰਡਾ,(ਵਰਮਾ): ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਡ੍ਰੀਮ ਪ੍ਰਾਜੈਕਟ ਏਮਜ਼ ਦਾ ਦੌਰਾ ਕਰ ਕੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਾ ਨਿਰਮਾਣ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਓ. ਪੀ. ਡੀ. ਦੋ ਮਹੀਨਿਆਂ (ਲਗਭਗ ਸਤੰਬਰ) ਤਕ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 31 ਅਗਸਤ ਤੱਕ 10 ਵਿਭਾਗਾਂ ਦੀ 2 ਬਲਾਕ 'ਚ ਓ. ਪੀ. ਡੀ. ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ 1 ਦਸੰਬਰ ਨੂੰ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਜਿਸ ਲਈ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ। ਬੀਬੀ ਬਾਦਲ ਨੇ ਦੱਸਿਆ ਕਿ ਏਮਜ਼ ਦੇ ਸ਼ੁਰੂ ਹੋਣ ਨਾਲ ਖਤਰਨਾਕ ਬੀਮਾਰੀਆਂ ਦਾ ਇਲਾਜ ਸੰਭਵ ਹੋਵੇਗਾ। ਇਸ ਤੋਂ ਪਹਿਲਾਂ ਰੋਗੀ ਇਲਾਜ ਲਈ ਪੀ. ਜੀ. ਆਈ., ਬੀਕਾਨੇਰ, ਡੀ. ਐੱਮ. ਸੀ. ਤੇ ਵੱਡੇ ਨਿੱਜੀ ਹਸਪਤਾਲਾਂ 'ਚ ਜਾਂਦੇ ਸਨ। ਹੁਣ ਉਨ੍ਹਾਂ ਨੂੰ ਸੁਵਿਧਾਜਨਕ ਇਲਾਜ ਏਮਜ਼ 'ਚ ਪ੍ਰਾਪਤ ਹੋਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਏਮਜ਼ ਪ੍ਰਤੀ ਮਤਰੇਆ ਸਲੂਕ ਸ਼ੁਰੂ ਤੋਂ ਰਿਹਾ ਤੇ ਕੈਪਟਨ ਸਰਕਾਰ ਨੇ ਇਸ ਨੂੰ ਲਟਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਹਿਲੇ ਦੋ ਸਾਲ ਤਾਂ ਐੱਨ. ਓ. ਸੀ. ਦੇਣ 'ਚ ਹੀ ਲੰਘਾ ਦਿੱਤੇ ਜਦਕਿ ਹੁਣ 66 ਕੇ. ਵੀ. ਦਾ ਪਾਵਰ ਪਲਾਂਟ ਲਾਇਆ ਜਾਣਾ ਹੈ। ਉਸ 'ਚ ਵੀ ਟਾਲ-ਮਟੋਲ ਕੀਤੀ ਜਾ ਰਹੀ ਹੈ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਤੇ ਅਧਿਕਾਰੀ ਨੇ ਕਦੇ ਵੀ ਏਮਜ਼ ਦਾ ਦੌਰਾ ਨਹੀਂ ਕੀਤਾ। ਬਠਿੰਡਾ ਦੇ ਵਿਧਾਇਕ ਤੇ ਵਿੱਤ ਮੰਤਰੀ ਨੇ ਵੀ ਏਮਜ਼ ਤੋਂ ਦੂਰੀ ਬਣਾ ਰੱਖੀ ਹੈ। ਉਨ੍ਹਾਂ ਕਿਹਾ ਕਿ ਪੀ. ਜੀ. ਆਈ. ਦੇ ਡਾਕਟਰ ਸਮੀਰ ਅਗਰਵਾਲ ਦੀ ਦੇਖ-ਰੇਖ ਵਿਚ ਓ. ਪੀ. ਡੀ. ਅਤੇ ਹੋਰ ਵਿਭਾਗਾਂ 'ਤੇ ਕੰਮ ਚਲ ਰਿਹਾ ਹੈ। ਪਹਿਲਾ ਚਰਨ 31 ਅਗਸਤ ਨੂੰ ਪੂਰਾ ਹੋਵੇਗਾ ਅਤੇ ਜਦਕਿ ਦੂਜਾ ਚਰਨ ਜਿਸ ਵਿਚ ਆਪ੍ਰੇਸ਼ਨ ਥੀਏਟਰ ਸਮੇਤ ਇੰਡੋਰ ਸੁਵਿਧਾ ਸ਼ੁਰੂ ਕੀਤੀ ਜਾਵੇਗੀ ਅਤੇ ਜੂਨ 2020 ਵਿਚ ਇਹ 100 ਪ੍ਰਤੀਸ਼ਤ ਮੁਕੰਮਲ ਹੋ ਜਾਵੇਗਾ।

ਪਹਿਲੇ ਬੈਚ ਵਿਚ 50 ਵਿਦਿਆਰਥੀ ਚੁਣੇ ਗਏ
ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਏਮਜ਼ ਲਈ ਉਨ੍ਹਾਂ ਦਾ ਸੰਘਰਸ਼ ਸਫਲ ਰਿਹਾ ਹੈ ਅਤੇ ਪਹਿਲਾ ਬੈਚ ਜਿਸ ਵਿਚ 50 ਵਿਦਿਆਰਥੀ ਡਾਕਟਰੀ ਪੜ੍ਹਾਈ ਲਈ ਸ਼ਾਮਲ ਕੀਤੇ ਗਏ ਹਨ, ਦੀ ਚੋਣ ਹੋ ਚੁੱਕੀ ਹੈ। ਇਹ ਵਿਦਿਆਰਥੀ ਕੁਝ ਸਮੇਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਚ ਪੜ੍ਹਾਈ ਕਰਨਗੇ ਅਤੇ ਜੂਨ 2020 ਵਿਚ ਉਹ ਏਮਜ਼ ਬਠਿੰਡਾ ਵਿਚ ਆਪਣਾ ਅਗਲਾ ਸਮੈਸਟਰ ਜਾਰੀ ਰੱਖਣਗੇ।