ਪੰਜਾਬ ’ਚ ਲਗਾਤਾਰ ਵਧ ਰਹੇ ਨੇ ਏਡਜ਼ ਦੇ ਮਰੀਜ਼, ਹੁਣ ਘਰ-ਘਰ ਜਾ ਕੇ ਮਰੀਜ਼ਾਂ ਨੂੰ ਲੱਭਣਗੇ ਸਿਹਤ ਮੁਲਾਜ਼ਮ

08/26/2022 4:53:47 PM

ਅੰਮ੍ਰਿਤਸਰ (ਦਲਜੀਤ)-ਪੰਜਾਬ ’ਚ ਏਡਜ਼ ਪੀੜਤ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਵੱਲੋਂ 82 ਫੀਸਦੀ ਮਰੀਜ਼ਾਂ ਦੀ ਭਾਲ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ, ਬਾਕੀ ਬਚਦੇ 18 ਫੀਸਦੀ ਮਰੀਜ਼ ਅਜੇ ਤੱਕ ਸਰਕਾਰੀ ਅਦਾਰਿਆਂ ’ਚ ਇਲਾਜ ਲਈ ਨਹੀਂ ਪਹੁੰਚ ਸਕੇ ਹਨ। ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਣ 18 ਫੀਸਦੀ ਮਰੀਜ਼ਾਂ ਤੱਕ ਪਹੁੰਚ ਕਰਨ ਲਈ ਸੰਪੂਰਨ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਸਿਹਤ ਕਰਮਚਾਰੀ ਹਰ ਜ਼ਿਲ੍ਹੇ ’ਚ ਨਾਜ਼ੁਕ ਖੇਤਰਾਂ ਵਿਚ ਜਾ ਕੇ ਇਨ੍ਹਾਂ ਮਰੀਜ਼ਾਂ ਦੀ ਭਾਲ ਕਰਨਗੇ, ਫਿਲਹਾਲ ਸਰਕਾਰ ਨੇ ਇਹ ਸਕੀਮ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ’ਚ ਸ਼ੁਰੂ ਕਰਨ ਦੀ ਨੀਤੀ ਬਣਾਈ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਸ਼ੇ ਅਤੇ ਹੋਰ ਕਾਰਨਾਂ ਕਰ ਕੇ ਲੋਕ ਏਡਜ਼ ਦੀ ਲਪੇਟ ’ਚ ਆ ਰਹੇ ਹਨ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੇ ਸਾਲ 1996 ’ਚ ਏਡਜ਼ ਤੋਂ ਪੀਡ਼ਤ ਮਰੀਜ਼ਾਂ ਦੀ ਜਾਂਚ ਲਈ ਮੈਡੀਕਲ ਕਾਲਜ ਅੰਦਰ ਆਈ. ਆਰ. ਟੀ. ਕੇਂਦਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਮਰੀਜ਼ਾਂ ਦੀ ਗਿਣਤੀ 15160 ਹੈ, ਜਦਕਿ 6454 ਮਰੀਜ਼ ਸਰਕਾਰੀ ਅਦਾਰਿਆਂ ਤੋਂ ਦਵਾਈਆਂ ਲੈ ਰਹੇ ਹਨ। ਬਾਕੀ ਮਰੀਜ਼ ਉਹ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਝ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੇ ਦਵਾਈ ਵਿਚਕਾਰ ਹੀ ਛੱਡ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : SKM ਦੀ ਮੀਟਿੰਗ ’ਚ ਲਏ ਅਹਿਮ ਫ਼ੈਸਲੇ, 5 ਸਤੰਬਰ ਤੋਂ ਕੈਬਨਿਟ ਮੰਤਰੀਆਂ ਦੀ ਰਿਹਾਇਸ਼ ਅੱਗੇ ਦੇਣਗੇ ਧਰਨਾ

ਹਾਲਾਂਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਐੱਚ. ਆਈ. ਵੀ ਮਰੀਜ਼ਾਂ ਦਾ ਪਤਾ ਲਗਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਲੁਧਿਆਣਾ ਅਤੇ ਪਟਿਆਲਾ ’ਚ ਵੀ ਟੀਚੇ ਨੂੰ 100 ਫੀਸਦੀ ਪੂਰਾ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਪੂਰੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ। ਇਸ ਸਕੀਮ ਤਹਿਤ ਜ਼ਿਲ੍ਹੇ ’ਚ ਕੰਮ ਸ਼ੁਰੂ ਕਰਨ ਲਈ ਅੱਜ ਸਿਹਤ ਮੰਤਰਾਲੇ ਭਾਰਤ ਸਰਕਾਰ ਦੇ ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਸੁਧੀਰ ਚਾਵਲਾ, ਰਾਜੀਵ ਕੁਮਾਰ, ਡਾ. ਪਾਇਲ ਅਤੇ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਰਮਨ ਕੁਮਾਰ ਅਤੇ ਮਨੂ ਦੀ ਅਗਵਾਈ ਹੇਠ ਇਕ ਟੀਮ ਮੁਆਇਨਾ ਕਰਨ ਲਈ ਪਹੁੰਚੀ। ਜ਼ਿਲ੍ਹਾ ਟੀ. ਬੀ. ਅਫਸਰ ਅਤੇ ਏਡਜ਼ ਕੰਟਰੋਲ ਪ੍ਰੋਗਰਾਮ ਦੇ ਜ਼ਿਲ੍ਹਾ ਇੰਚਾਰਜ ਡਾ. ਵਿਜੇ ਕੁਮਾਰ ਨੇ ਕਿਹਾ ਕਿ ਐੱਚ. ਆਈ. ਵੀ. ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਸਰਕਾਰੀ ਕੇਂਦਰਾਂ ’ਚ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ’ਚ 11 ਸੈਂਟਰ ਬਣਾਏ ਗਏ ਹਨ, ਜਿੱਥੇ ਇਹ ਮਰੀਜ਼ ਜਾ ਕੇ ਆਪਣਾ ਟੈਸਟ ਮੁਫ਼ਤ ਕਰਵਾ ਸਕਦੇ ਹਨ, ਇਨ੍ਹਾਂ ਮਰੀਜ਼ਾਂ ਦੀ ਪਛਾਣ ਗੁਪਤ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦਾ ਡਾਟਾ ਸਿਹਤ ਵਿਭਾਗ ਕੋਲ ਮੌਜੂਦ ਹੈ, ਉਨ੍ਹਾਂ ਤੋਂ ਇਲਾਵਾ 18 ਫੀਸਦੀ ਮਰੀਜ਼ ਅਜਿਹੇ ਹਨ, ਜੋ ਸਾਕਾਰਾਤਮਕ ਅਤੇ ਖ਼ਤਰੇ ’ਚ ਹਨ, ਉਨ੍ਹਾਂ ਨੂੰ ਲੱਭਣ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਪੂਰੀ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਸਕੀਮ ਤਹਿਤ ਉਪਰੋਕਤ ਤਿੰਨਾਂ ਜ਼ਿਲ੍ਹਿਆਂ ’ਚ ਉਸ ਖੇਤਰ ਦੀ ਪਛਾਣ ਕੀਤੀ ਜਾਵੇਗੀ, ਜਿਥੇ ਇਹ ਮਰੀਜ਼ ਹੋਣ ਦੀ ਸੰਭਾਵਨਾ ਹੈ।

ਡਾ. ਵਿਜੇ ਨੇ ਦੱਸਿਆ ਕਿ ਐੱਚ. ਆਈ. ਵੀ. ਦਾ ਜੇਕਰ ਸਮੇਂ ਸਿਰ ਇਲਾਜ ਕਰਵਾਇਆ ਜਾਵੇ ਤਾਂ ਮਰੀਜ਼ ਦੀ ਕੀਮਤੀ ਜਾਨ ਬਚ ਸਕਦੀ ਹੈ। ਅਗਲੇ ਹਫ਼ਤੇ ਤੋਂ ਇਹ ਪ੍ਰਾਜੈਕਟ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇੇਗਾ। ਉਨ੍ਹਾਂ ਕਿਹਾ ਕਿ ਜਿੱਥੇ ਮਰੀਜ਼ਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ, ਉੱਥੇ ਹੀ ਉਨ੍ਹਾਂ ਨੂੰ ਇਨ੍ਹਾਂ ਕੇਂਦਰਾਂ ’ਤੇ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਏ. ਆਰ. ਟੀ. ਸੈਂਟਰ ਦਾ ਸਟਾਫ ਪੂਰੀ ਤਨਦੇਹੀ ਅਤੇ ਲਗਨ ਨਾਲ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਐੱਚ. ਆਈ. ਵੀ. ਇਸ ਤੋਂ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵੀ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਸਮੇਂ ਸਿਰ ਬੀਮਾਰੀ ਦਾ ਪਤਾ ਲੱਗ ਜਾਵੇ ਤਾਂ ਹੋਰ ਬੀਮਾਰੀਆਂ ਉਸ ਵਿਅਕਤੀ ਨੂੰ ਆਪਣੀ ਲਪੇਟ ’ਚ ਨਹੀਂ ਲੈਂਦੀਆਂ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀ ਮਰੀਜ਼ਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਪ੍ਰੋਗਰਾਮ ਦੀ ਜ਼ਿਲ੍ਹਾ ਮੈਨੇਜਰ ਮਨਪ੍ਰੀਤ ਵੀ ਹਾਜ਼ਰ ਸਨ।

Manoj

This news is Content Editor Manoj