ਖੇਤੀਬਾੜੀ ਵਿਭਾਗ ਮੁਹੱਈਆ ਕਰਵਾਏਗਾ ਸਬਸਿਡੀ ''ਤੇ ਢਾਂਚੇ ਦਾ ਬੀਜ

04/20/2018 2:49:40 PM

ਜਲਾਲਾਬਾਦ (ਸੇਤੀਆ) : ਸਰਕਾਰ ਵੱਲੋਂ ਹਰੀ ਖਾਦ ਰਾਹੀਂ ਖੇਤਾਂ ਦੀ ਮਿੱਟੀ ਦੀ ਸਿਹਤ ਸੁਧਾਰ ਲਈ ਢਾਂਚੇ ਦਾ ਬੀਜ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦਿੰਦਿਆਂ ਦੱਸਿਆ ਕਿ ਚਾਹਵਾਨ ਕਿਸਾਨ ਖੇਤੀਬਾੜੀ ਵਿਭਾਗ ਦੇ ਬਲਾਕ ਜਾਂ ਸਰਕਲ ਦਫ਼ਤਰਾਂ ਵਿਚ ਆਪਣੀਆਂ ਅਰਜੀਆਂ 28 ਅਪ੍ਰੈਲ 2018 ਤੋਂ ਪਹਿਲਾਂ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕ ਕਿਸਾਨ ਨੂੰ ਵੱਧ ਤੋਂ ਵੱਧ ਦੋ ਹੈਕਟੇਅਰ ਲਈ 100 ਕਿਲੋ ਬੀਜ ਸਬਸਿਡੀ 'ਤੇ ਮੁਹੱਈਆ ਕਰਵਾਇਆ ਜਾਵੇਗਾ ਜਿਸ ਦੀ ਅਸਲ ਕੀਮਤ 6980 ਰੁਪਏ ਹੈ ਅਤੇ ਕਿਸਾਨ ਨੂੰ 2000 ਰੁਪਏ ਦੀ ਸਬਸਿਡੀ ਤੋਂ ਬਾਅਦ ਇਸ ਲਈ ਕੇਵਲ 4980 ਰੁਪਏ ਹੀ ਅਦਾ ਕਰਨੇ ਪੈਣਗੇ।
ਇਸ ਸਬੰਧੀ ਜ਼ਿਲਾ ਖੇਤੀਬਾੜੀ ਅਫ਼ਸਰ ਬੇਅੰਤ ਸਿੰਘ ਨੇ ਦੱਸਿਆ ਕਿ ਇਸ ਲਈ ਅਰਜੀ ਦੇਣ ਲਈ ਨਿਰਧਾਰਤ ਪ੍ਰੋਫਾਰਮਾ ਖੇਤੀਬਾੜੀ ਦਫ਼ਤਰਾਂ ਤੋਂ ਲਿਆ ਜਾ ਸਕਦਾ ਹੈ ਜਾਂ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ www.agripb.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਬਿਨੈਪੱਤਰ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਜਾਂ ਐੱਮ.ਸੀ. ਤੋਂ ਤਸਦੀਕ ਕਰਵਾ ਕੇ ਵਿਭਾਗ ਦੇ ਦਫ਼ਤਰਾਂ ਵਿਚ ਆਧਾਰ ਕਾਰਡ ਦੀ ਕਾਪੀ ਸਮੇਤ 28 ਅਪ੍ਰੈਲ ਨੂੰ ਸ਼ਾਮ 5 ਵਜੇ ਤੱਕ ਜਮਾ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਮਿਤੀ ਤੋਂ ਬਾਅਦ ਕੋਈ ਅਰਜੀ ਸਵਿਕਾਰ ਨਹੀਂ ਕੀਤੀ ਜਾਵੇਗੀ।