ਭੜਕੀ ਹਿੰਸਾ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਹਾਲਾਤ ਕਾਬੂ ''ਚ

02/08/2018 7:12:01 AM

ਬਟਾਲਾ/ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ, ਵਤਨ)- ਬੀਤੇ ਕੱਲ ਡੇਰਾ ਬਾਬਾ ਨਾਨਕ ਵਿਖੇ ਭੜਕੀ ਹਿੰਸਾ ਤੋਂ ਬਾਅਦ ਅੱਜ ਹਾਲਾਤ ਪੂਰੀ ਤਰ੍ਹਾਂ ਕਾਬੂ 'ਚ ਰਹੇ ਤੇ ਦੂਜੇ ਦਿਨ ਕੋਈ ਘਟਨਾ ਨਹੀਂ ਵਾਪਰੀ।
ਜ਼ਿਕਰਯੋਗ ਹੈ ਕਿ ਬੀਤੇ ਕੱਲ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਸਕੂਟਰੀ ਸਵਾਰ 2 ਨੌਜਵਾਨਾਂ ਨੂੰ ਕਾਰਾਂ ਨਾਲ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਤੋਂ ਬਾਅਦ ਹਿੰਸਾ ਭੜਕ ਉੱਠੀ ਸੀ ਤੇ ਲੋਕਾਂ ਵੱਲੋਂ ਰੋਹ 'ਚ ਆਉਂਦਿਆਂ ਜਿਥੇ ਐਕਸਾਈਜ਼ ਵਿਭਾਗ ਦੀਆਂ ਕਾਰਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਫੂਕਿਆ ਗਿਆ, ਉਥੇ ਹੀ ਡੇਰਾ ਬਾਬਾ ਨਾਨਕ ਨੂੰ ਬੰਦ ਕਰਵਾ ਦਿੱਤਾ। ਉਕਤ ਕਾਂਡ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਹਾਲਾਤ ਨੂੰ ਕਾਬੂ 'ਚ ਕਰ ਲਿਆ ਗਿਆ ਹੈ।ਅੱਜ ਮ੍ਰਿਤਕ ਨੌਜਵਾਨਾਂ ਦਾ ਸ਼ਾਂਤੀ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦਕਿ ਇਸ ਤੋਂ ਪਹਿਲਾਂ ਕਾਤਲਾਂ ਦੀ ਜਲਦ ਗ੍ਰਿਫਤਾਰੀ ਲਈ ਧਰਨਾ ਦੇਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਦੀਪਕ ਰਾਏ ਤੇ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਅਵਤਾਰ ਸਿੰਘ ਕੰਗ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਤੇ ਡੀ. ਐੱਸ. ਪੀ ਰਾਏ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਧਰਨਾ ਟਲਿਆ।
ਬਾਜ਼ਾਰ ਰਹੇ ਬੰਦ ਤੇ ਸਕੂਲਾਂ 'ਚ ਸਿਰਫ ਸਟਾਫ ਰਿਹਾ ਹਾਜ਼ਰ
ਭੜਕੀ ਹਿੰਸਾ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਦੂਜੇ ਦਿਨ ਵੀ ਜਿਥੇ ਕਸਬਾ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਬੰਦ ਰਹੇ, ਉਥੇ ਹੀ ਸਕੂਲਾਂ 'ਚ ਵੀ ਬੰਦ ਵਰਗਾ ਮਾਹੌਲ ਰਿਹਾ ਕਿਉਂਕਿ ਸਿਰਫ ਸਟਾਫ ਹਾਜ਼ਰ ਸੀ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗਾ ਇਨਸਾਫ : ਡੀ. ਐੱਸ. ਪੀ., ਐੱਸ. ਐੱਚ. ਓ.
ਇਸ ਦੌਰਾਨ 'ਜਗ ਬਾਣੀ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਏ ਤੇ ਐੱਸ. ਐੱਚ. ਓ. ਅਵਤਾਰ ਸਿੰਘ ਕੰਗ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਨੌਜਵਾਨਾਂ ਦਾ ਕਤਲ ਕਰਨ ਵਾਲਿਆਂ ਦੀ ਪੁਲਸ ਵੱਲੋਂ ਤਲਾਸ਼ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਸ ਦੀ ਗ੍ਰਿਫਤ 'ਚ ਹੋਣਗੇ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇਗਾ।