ਸਚਿਨ ਤੇ ਵਿਰਾਟ ਤੋਂ ਬਾਅਦ ਹੁਣ ਪੰਜਾਬ ਦੇ ਸ਼ਮਿੰਦਰ ਨੂੰ ਵਿੰਬਲਡਨ ਦਾ ਸਲਾਮ

07/12/2017 4:45:58 PM

ਜਲੰਧਰ/ਫਗਵਾੜਾ/ਲੰਡਨ— ਖੇਡ ਦੇ ਮੈਦਾਨ ਵਿਚ ਖਿਡਾਰੀਆਂ ਦਾ ਹੁਨਰ ਤਾਂ ਹਰ ਕੋਈ ਦੇਖਦਾ ਹੈ ਪਰ ਕਈ ਅਜਿਹੀਆਂ ਯੋਗਤਾਵਾਂ ਵੀ ਹੁੰਦੀਆਂ ਹਨ ਜੋ ਮੈਦਾਨ ਤੋਂ ਬਾਹਰ ਬੈਠ ਕੇ ਵੀ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ। ਅਜਿਹੀ ਹੀ ਇਕ ਯੋਗਤਾ ਹੈ ਪੰਜਾਬ ਦੇ ਫਗਵਾੜਾ ਨਿਵਾਸੀ ਸ਼ਮਿੰਦਰ ਸਿੰਘ ਜਿਨ੍ਹਾਂ ਨੇ 12000 ਟੂਥਪਿਕਸ ਨਾਲ ਵਿੰਬਲਡਨ ਦੇ ਸੈਂਟਰ ਕੋਰਟ ਦਾ ਹੂਬਹੂ ਸ਼ਾਨਦਾਰ ਮਾਡਲ ਤਿਆਰ ਕੀਤਾ ਹੈ। ਜਦ ਵਿੰਬਲਡਨ ਦੇ ਪ੍ਰਬੰਧਕਾਂ ਨੇ ਇਹ ਦੇਖਿਆ ਤਾਂ ਉਹ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕੇ ਤੇ ਉਨ੍ਹਾਂ ਨੇ 15 ਜੁਲਾਈ ਨੂੰ ਸੈਂਟਰ ਕੋਰਟ ਉੱਤੇ ਖੇਡੇ ਜਾਣ ਵਾਲੇ ਮਹਿਲਾਵਾਂ ਦੇ ਫਾਈਨਲ ਮੈਚ ਨੂੰ ਦੇਖਣ ਲਈ ਸ਼ਮਿੰਦਰ ਨੂੰ ਖ਼ਾਸ ਸੱਦਾ ਦੇ ਦਿੱਤਾ। ਇਸ ਤੋਂ ਪਹਿਲਾਂ ਦੇਸ਼ 'ਚ ਸਿਰਫ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੂੰ ਇਹ ਸਨਮਾਨ ਮਿਲ ਸਕਿਆ ਹੈ। ਸ਼ਮਿੰਦਰ ਇਹ ਸਨਮਾਨ ਹਾਸਿਲ ਕਰਨ ਵਾਲੇ ਪਹਿਲੇ ਗੈਰ ਖਿਡਾਰੀ ਭਾਰਤੀ ਤੇ ਪਹਿਲੇ ਪੰਜਾਬੀ ਹਨ।

31 ਸਾਲਾ ਸ਼ਮਿੰਦਰ ਨੂੰ ਸੈਂਟਰ ਕੋਰਟ ਦਾ ਹੂਬਹੂ ਮਾਡਲ ਤਿਆਰ ਕਰਨ ਵਿਚ 10 ਮਹੀਨੇ ਤੇ ਕੁਝ ਦਿਨ ਦਾ ਸਮਾਂ ਲੱਗਾ। ਉਨ੍ਹਾਂ ਨੇ ਇਸ ਉੱਤੇ ਪਿਛਲੇ ਸਾਲ ਸਤੰਬਰ 'ਚ ਕੰਮ ਸ਼ੁਰੂ ਕੀਤਾ ਸੀ ਤੇ ਇਹ 3 ਜੁਲਾਈ ਨੂੰ ਬਣ ਕੇ ਤਿਆਰ ਹੋਇਆ। ਇਸ ਸਟੇਡੀਅਮ ਦਾ ਡਿਜ਼ਾਈਨ ਬਹੁਤ ਖਾਸ ਤੇ ਔਖਾ ਹੈ। ਫੇਮਸ ਟੈਨਿਸ ਕੋਰਟ ਦੇ ਇਸ ਮਾਡਲ ਵਿਚ ਖੁੱਲ੍ਹਣ ਤੇ ਬੰਦ ਹੋਣ ਵਾਲੀ ਛੱਤ, ਬਾਲਕਨੀ, ਪੌੜੀਆਂ ਤੇ ਸਭ ਤੋਂ ਅਹਿਮ ਰਾਇਲ ਬਾਕਸ ਵੀ ਹੈ। ਸ਼ਮਿੰਦਰ ਹਾਲਾਂਕਿ ਪੇਸ਼ੇ ਤੋਂ ਡਰਾਈਵਰ ਹਨ ਪਰ ਟੂਥਪਿਕ ਨਾਲ ਮਾਡਲ ਤਿਆਰ ਕਰਨਾ ਉਨ੍ਹਾਂ ਦਾ ਜਨੂੰਨ ਬਣ ਗਿਆ ਹੈ। ਸ਼ਮਿੰਦਰ ਨੇ ਲੰਡਨ ਤੋਂ ਫੋਨ 'ਤੇ ਦੱਸਿਆ ਕਿ ਇਸ ਨੂੰ ਬਣਾਉਣ ਦਾ ਕੰਮ ਮੈਂ ਦਸ ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਹਰ ਹਫਤੇ 40 ਘੰਟੇ ਇਸ 'ਤੇ ਕੰਮ ਕਰਦਾ ਸੀ। ਮੈਂ ਕੁਝ ਵੱਖ ਬਣਾਉਣਾ ਚਾਹੁੰਦਾ ਸੀ, ਕੁਝ ਖ਼ਾਸ।

ਸ਼ਮਿੰਦਰ ਇਸ ਨੂੰ ਬੱਚਿਆਂ ਦੀ ਮਦਦ ਲਈ ਨਿਲਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਰਕਮ ਨਿਲਾਮੀ ਨਾਲ ਮਿਲੇਗੀ ਉਸ ਨੂੰ ਯੂਨੀਸੈੱਫ ਦੇ ਸੇਵ ਚਿਲਡਰਨ 'ਚ ਦਾਨ ਕਰਾਂਗਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੱਖ ਕਰਨ ਦੀ ਪ੍ਰੇਰਣਾ ਬੱਚਿਆਂ ਦੀ ਮਦਦ ਦੇ ਟੀਚੇ ਨਾਲ ਹੀ ਮਿਲੀ।

ਹੋਰ ਉਪਲੱਬਧੀਆਂ :
ਸ਼ਮਿੰਦਰ ਵਿੰਬਲਡਨ ਦਾ ਮਾਡਲ ਬਣਾਉਣ ਤੋਂ ਪਹਿਲਾਂ ਸਿਰ 'ਚ ਗੇਂਦ ਲੱਗਣ ਨਾਲ ਮੌਤ ਦਾ ਸ਼ਿਕਾਰ ਬਣੇ ਆਸਟਰੇਲੀਆਈ ਬੱਲੇਬਾਜ਼ ਫਿਲਿਪ ਹਿਊਜ ਦੀ ਯਾਦ ਵਿਚ ਓਲਡ ਟਰੈਫਰਡ ਸਟੇਡੀਅਮ ਦਾ ਮਾਡਲ ਵੀ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਯੂਕੇ ਦੇ ਹੀ ਮਾਨਚੈਸਟਰ ਫੁੱਟਬਾਲ ਸਟੇਡੀਅਮ ਦਾ ਵੀ ਮਾਡਲ ਬਣਾ ਚੁੱਕੇ ਹਨ ਜੋ ਟੂਥਪਿਕ ਨਾਲ ਬਣਾਇਆ ਗਿਆ ਸਭ ਤੋਂ ਛੋਟਾ ਮਾਡਲ ਹੈ। ਇਸ ਲਈ ਉਨ੍ਹਾਂ ਦਾ ਨਾਂ ਲਿਮਕਾ ਬੁਕ ਆਫ ਰਿਕਾਰਡ ਵਿਚ ਦਰਜ ਹੈ।

ਅੱਠ ਸਾਲ ਪਹਿਲਾਂ ਗਏ ਸੀ ਲੰਡਨ :
ਸ਼ਮਿੰਦਰ ਨੇ ਦੱਸਿਆ ਕਿ ਉਹ ਅੱਠ ਸਾਲ ਪਹਿਲਾਂ ਲੰਡਨ ਗਏ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਸੋਨੂੰ ਵੀ ਕਵੈਂਟਰੀ ਵਿਚ ਰਹਿੰਦੇ ਹਨ। ਮਾਡਲ ਬਣਾਉਣ ਵਿਚ ਸੋਨੂੰ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਅਤੇ ਹਮੇਸ਼ਾ ਉਤਸ਼ਾਹਿਤ ਕੀਤਾ। ਸ਼ਮਿੰਦਰ ਇੱਥੇ ਇਕ ਕੰਪਨੀ 'ਚ ਫੋਕਲਿਸਟ ਡਰਾਈਵਰ ਹਨ।

ਫਗਵਾੜਾ ਵਿਚ ਰਹਿੰਦੇ ਹਨ ਮਾਤਾ ਪਿਤਾ :
ਸ਼ਮਿੰਦਰ ਮੂਲ ਰੂਪ ਵਿਚ ਫਗਵਾੜਾ ਦੇ ਪਿੰਡ ਧਾਨੋਕੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਦਲਵੀਰ ਸਿੰਘ ਇਲੈਕਟਰੀਸ਼ੀਅਨ ਹਨ ਤੇ ਇੱਥੇ ਉਨ੍ਹਾਂ ਦਾ ਆਪਣਾ ਇਲੈਕਟ੍ਰਾਨਿਕ ਦੇ ਸਾਮਾਨ ਦਾ ਸਟੋਰ ਹੈ। ਉਨ੍ਹਾਂ ਦੀ ਮਾਤਾ ਰਾਜਰਾਣੀ ਨੇ ਵੀ ਹਮੇਸ਼ਾ ਉਨ੍ਹਾਂ ਦਾ ਉਤਸ਼ਾਹ ਵਧਾਇਆ ਹੈ।