ਕੈਨੇਡੀਅਨ ਐੱਮ.ਪੀ. ਸੰਘਾ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ

07/21/2017 2:09:58 PM

ਟੋਰਾਂਟੋ/ ਜਲੰਧਰ— ਕੈਨੇਡੀਅਨ ਐੱਮ.ਪੀ. ਰਮੇਸ਼ਵਰ ਸਿੰਘ ਸੰਘਾ ਭਾਰਤ ਦੌਰੇ 'ਤੇ ਹਨ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਨੀਵਾਰ ਨੂੰ ਮੁਲਾਕਾਤ ਕਰਨਗੇ। ਸੰਘਾ ਜੰਡੂ ਸਿੰਘਾ ਦੇ ਰਹਿਣ ਵਾਲੇ ਹਨ। 'ਕੈਨੇਡਾ-ਭਾਰਤ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ' ਦੇ ਪ੍ਰਧਾਨ ਸੰਘਾ ਦੋਹਾਂ ਦੇਸ਼ਾਂ ਦੇ ਸੱਭਿਆਚਾਰਕ ਅਤੇ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕਈ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ। ਉਹ ਬਰੈਂਪਟਨ 'ਚ ਦੋ ਸਾਲਾਂ ਤੋਂ ਬਤੌਰ ਐੱਮ.ਪੀ. ਸੇਵਾ ਨਿਭਾਅ ਰਹੇ ਹਨ। 


ਦੌਰੇ ਦੇ 11ਵੇਂ ਦਿਨ ਭਾਵ ਸ਼ਨੀਵਾਰ ਨੂੰ ਸੰਘਾ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਸਮਰਥਕ ਦੱਸ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੈਨੇਡਾ ਜਾਣ ਤੋਂ ਪਹਿਲਾਂ ਸੰਘਾ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਹਨ, ਇਸ ਲਈ ਉਨ੍ਹਾਂ ਨਾਲ ਮੁੱਖ ਮੰਤਰੀ ਦੀ ਮੁਲਾਕਾਤ ਹੋਵੇਗੀ। ਫਿਲਹਾਲ ਸੰਘਾ ਦਿੱਲੀ 'ਚ ਹੀ ਹਨ ਅਤੇ ਇੱਥੇ ਉਹ ਯੂਨੀਅਨ ਮਿਨੀਸਟਰ ਆਫ ਸਟੀਲ ਦੇ ਮੁਖੀ ਬਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਜਾਣਗੇ।
72 ਸਾਲਾ ਸੰਘਾ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ। ਲਾਇਲਪੁਰ ਖਾਲਸਾ ਕਾਲਜ ਤੋਂ ਪੜ੍ਹਾਈ ਕਰਨ ਮਗਰੋਂ ਉਨ੍ਹਾਂ ਨੇ 16 ਸਾਲਾਂ ਤਕ ਭਾਰਤੀ ਹਵਾਈ ਫੌਜ 'ਚ ਸੇਵਾ ਨਿਭਾਈ। ਉਹ ਜਲੰਧਰ 'ਚ ਕਾਂਗਰਸ ਲੀਡਰ ਵੀ ਰਹਿ ਚੁੱਕੇ ਹਨ।