2 ਦਿਨ ਬੀਤਣ ਮਗਰੋਂ ਵੀ ਅਧਿਕਾਰੀਆਂ ਨੇ ਨਹੀਂ ਲਿਆ ਚਾਰਜ

02/22/2018 4:17:28 AM

ਅੰਮ੍ਰਿਤਸਰ,   (ਦਲਜੀਤ)-  ਸਿਵਲ ਸਰਜਨ ਡਾ. ਨਰਿੰਦਰ ਕੌਰ ਦੇ ਹੁਕਮਾਂ ਦੀ ਉਨ੍ਹਾਂ ਦੇ ਦਫਤਰ 'ਚ ਹੀ ਪਾਲਣਾ ਨਹੀਂ ਹੋ ਰਹੀ। ਸਿਵਲ ਸਰਜਨ ਵੱਲੋਂ 19 ਫਰਵਰੀ ਨੂੰ ਮੈਡੀਕਲ ਰੀਬਰਥਮੈਂਟ ਬਿੱਲਾਂ ਦਾ ਚਾਰਜ ਡਾ. ਆਰ. ਐੱਸ. ਸੇਠੀ ਤੋਂ ਵਾਪਸ ਲੈ ਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਨੂੰ ਦੇਣ ਦੇ ਹੁਕਮਾਂ ਦੀ ਅਜੇ ਤੱਕ ਤਾਮੀਲ ਨਹੀਂ ਹੋਈ। ਜਾਰੀ ਹੁਕਮਾਂ ਦੇ ਬਾਵਜੂਦ ਮੈਡੀਕਲ ਬਿੱਲਾਂ ਦਾ ਕੰਮ ਡਾ. ਸੇਠੀ ਹੀ ਦੇਖ ਰਹੇ ਹਨ। ਜਾਣਕਾਰੀ ਅਨੁਸਾਰ ਸਿਵਲ ਸਰਜਨ ਵੱਲੋਂ ਜਾਰੀ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਡਾ. ਸੇਠੀ ਪਬਲਿਕ ਇਨਫਰਮੇਸ਼ਨ ਅਫਸਰ ਅਤੇ ਆਰ. ਟੀ. ਐੱਸ. ਦੇ ਨੋਡਲ ਅਧਿਕਾਰੀ ਵਜੋਂ ਦਫਤਰ ਵਿਚ ਕੰਮ ਕਰਨਗੇ ਅਤੇ ਆਉਣ ਵਾਲੇ ਚਿੱਠੀ-ਪੱਤਰਾਂ ਦਾ ਨਿਪਟਾਰਾ ਕਰਨਗੇ। ਮੈਡੀਕਲ ਰੀਬਰਥਮੈਂਟ ਬਿੱਲਾਂ ਦਾ ਚਾਰਜ ਜੋ ਡਾ. ਆਰ. ਐੱਸ. ਸੇਠੀ ਕੋਲ ਸੀ, ਹੁਣ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਨੂੰ ਦਿੱਤਾ ਜਾਂਦਾ ਹੈ।
ਮੈਡੀਕਲ ਰੀਬਰਥਮੈਂਟ ਬਿੱਲਾਂ ਲਈ ਮੁਲਾਜ਼ਮਾਂ ਨੂੰ ਬੀਤੇ ਸਮੇਂ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਤ ਡੀਲਿੰਗ ਹੈਂਡ ਕਲਰਕ ਆਪਣੀ ਮਰਜ਼ੀ ਅਨੁਸਾਰ ਜਦੋਂ ਉਸ ਦਾ ਦਿਲ ਕਰਦਾ ਹੈ, ਆਪਣਾ ਕਮਰਾ ਬੰਦ ਕਰ ਕੇ ਇਧਰ-ਉਧਰ ਹੋ ਜਾਂਦਾ ਹੈ ਅਤੇ ਬਿੱਲਾਂ ਦੇ ਭੁਗਤਾਨ ਲਈ ਆਏ ਮੁਲਾਜ਼ਮ ਉਕਤ ਕਲਰਕ ਨੂੰ ਲੱਭਣ ਲਈ ਖੱਜਲ-ਖੁਆਰ ਹੁੰਦੇ ਰਹਿੰਦੇ ਹਨ। ਸੂਤਰ ਦੱਸਦੇ ਹਨ ਕਿ ਕਲਰਕ ਦੇ ਉੱਚ ਅਧਿਕਾਰੀਆਂ ਨਾਲ ਹੱਥ ਮਿਲੇ ਹੋਏ ਹਨ ਅਤੇ ਉਹ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਮਰਜ਼ੀ ਅਨੁਸਾਰ ਕੰਮ ਕਰ ਰਿਹਾ ਹੈ। ਦਫਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਡਾ. ਨਰਿੰਦਰ ਕੌਰ ਦੇ ਹੁਕਮਾਂ ਦੀ ਉਨ੍ਹਾਂ ਦੇ ਦਫਤਰ ਵਿਚ ਹੀ ਪਾਲਣਾ ਨਹੀਂ ਹੋ ਰਹੀ, ਉਹ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਿਵੇਂ ਕਰਵਾਉਣਗੇ। ਇਸ ਸਬੰਧੀ ਸਿਵਲ ਸਰਜਨ ਡਾ. ਨਰਿੰਦਰ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।