11 ਸਾਲ ਬਾਅਦ ਹਿਨਾ ਨੂੰ ਦੇਖ ਕੇ ਭਾਵੁਕ ਹੋਇਆ ਪਰਿਵਾਰ, ਦੇਖੋ ਐਕਸਕਲੂਜ਼ਿਵ ਤਸਵੀਰਾਂ

11/03/2017 6:40:15 PM

ਅੰਮ੍ਰਿਤਸਰ (ਬਿਊਰੋ)- ਭਾਰਤ ਦੀ ਜੇਲ ਵਿਚ ਜਨਮ ਲੈ ਕੇ 11 ਸਾਲ ਬਾਅਦ ਆਪਣੇ ਵਤਨ ਪਰਤੀ ਪਾਕਿਸਤਾਨ ਦੀ ਬੱਚੀ ਹਿਨਾ ਦੇ ਵੀਰਵਾਰ ਨੂੰ ਆਪਣੇ ਘਰ ਪਹੁੰਚਣ ਤੋਂ ਬਾਅਦ ਉਸ ਦਾ ਪਰਿਵਾਰ ਪੂਰੀ ਰਾਤ ਨਹੀਂ ਸੁੱਤਾ ਅਤੇ ਪਰਿਵਾਰ ਨੇ ਘਰ ਪਹੁੰਚਦਿਆਂ ਹੀ ਹਿਨਾ ਨੂੰ ਤੌਹਫਿਆਂ ਨਾਲ ਲੱਦ ਦਿੱਤਾ। ਜਗ ਬਾਣੀ ਦੇ ਪੱਤਰਕਾਰ ਰਵਿੰਦਰ ਸਿੰਘ ਰੋਬਿਨਾ ਨਾਲ ਗੁਜਰਾਂਵਾਲਾ ਤੋਂ ਫੋਨ ਉੱਤੇ ਗੱਲਬਾਤ ਦੌਰਾਨ ਹਿਨਾ ਦੇ ਪਿਤਾ ਫੈਜ਼ ਉਲ-ਰਹਿਮਾਨ ਨੇ ਕਿਹਾ ਕਿ 'ਮੈਂ ਇਕ ਸਾਧਾਰਣ ਜਿਹਾ ਇਨਸਾਨ ਹਾਂ ਪਰ ਆਪਣੇ ਪੂਰੇ ਪਰਿਵਾਰ ਨੂੰ ਨਾਲ ਦੇਖ ਕੇ ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹਾਸਲ ਹੋਈ ਹੈ ਅਤੇ ਇਸ ਸਮੇਂ ਮੈਂ ਖੁਦ ਨੂੰ ਦੁਨੀਆ ਸਭ ਤੋਂ ਅਮੀਰ ਸ਼ਖਸ ਮਹਿਸੂਸ ਕਰ ਰਿਹਾ ਹਾਂ' ਇਸ ਲਈ ਮੈਂ ਖੁਦਾ ਦਾ ਸ਼ੁਕਰਗੁਜ਼ਾਰ ਹਾਂ ਅਤੇ ਨਾਲ ਹੀ ਭਾਰਤ ਦੇ ਮੀਡੀਆ ਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਅਤੇ ਮੇਰੇ ਪਰਿਵਾਰ ਦੀ ਵਾਪਸੀ ਵਿਚ ਸਹਿਯੋਗ ਕੀਤਾ ਹੈ।

ਵੀਰਵਾਰ ਸ਼ਾਮ ਹਿਨਾ ਦੇ ਗੁਜਰਾਂਵਾਲਾ ਸਥਿਤ ਘਰ ਪੁਜਣ ਤੋਂ ਬਾਅਦ ਹੀ ਹਿਨਾ ਦੇ ਪਰਿਵਾਰ ਵਿਚ ਮੇਲਾ ਲੱਗਿਆ ਹੋਇਆ ਹੈ ਅਤੇ ਉਸ ਦੀਆਂ ਭੈਣਾਂ ਅਤੇ ਭਤੀਜੀਆਂ ਤੋਂ ਇਲਾਵਾ ਪੂਰੇ ਪਰਿਵਾਰ ਦੇ ਬੱਚੇ ਹਿਨਾ ਨਾਲ ਖੇਡ ਰਹੇ ਹਨ ਅਤੇ ਹਿਨਾ ਨੂੰ ਤੌਹਫੇ ਵਿਚ ਗੁੱਡੀ ਤੋਂ ਇਲਾਵਾ ਫੋਨ, ਡੋਰੇਮੋਨ ਅਤੇ ਹੋਰ ਬਹੁਤ ਸਾਰੇ ਖਿਡੌਣੇ ਦਿੱਤੇ ਗਏ ਹਨ। ਹਿਨਾ ਦੇ ਭਰਾ ਗੁਲਾਮ ਫਰੀਦ ਨੇ ਕਿਹਾ ਕਿ ਉਹ ਆਪਣੀ ਭੈਣ ਦੇ ਹਰ ਵੇਲੇ ਕੋਲ ਰਹਿਣਗੇ ਅਤੇ ਉਸ ਨੂੰ ਕਿਤੇ ਨਹੀਂ ਜਾਣ ਦੇਣਗੇ। ਸਾਨੂੰ ਸਾਡੀ ਭੈਣ 11 ਸਾਲ ਬਾਅਦ ਮਿਲੀ ਹੈ ਅਤੇ ਇਹ ਸਾਡੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੈ।

ਜ਼ਿਕਰਯੋਗ ਹੈ ਕਿ ਹਿਨਾ ਅਤੇ ਉਸ ਦੀ ਮਾਂ ਫਾਤਿਮਾ ਦੇ ਨਾਲ ਉਸ ਦੀ ਮਾਸੀ ਮੁਮਤਾਜ ਵੀਰਵਾਰ ਨੂੰ ਹੀ ਭਾਰਤ ਦੀ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਦੋਸ਼ ਵਿਚ ਦਿੱਤੀ ਗਈ 11 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਾਪਸ ਪੁੱਜੇ ਹਨ।