ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਈ ਮੋਹਾਲੀ SSP ਦਫਤਰ ਪੇਸ਼, ਪੁਲਸ ਨੇ ਕੀਤਾ ਗ੍ਰਿਫਤਾਰ

01/18/2020 7:55:23 PM

ਮੋਹਾਲੀ,(ਸੁੱਖ ਜਗਰਾਉਂ) : ਐਡਵੋਕੇਟ ਸਿਮਰਨਜੀਤ ਕੌਰ ਗਿੱਲ ਅੱਜ ਮੋਹਾਲੀ ਐਸ. ਐਸ. ਪੀ. ਦਫਤਰ ਪੇਸ਼ ਹੋਈ, ਜਿਥੇ ਪੁਲਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ. ਐਚ. ਓ. ਸੁਖਵਿੰਦਰ ਸਿੰਘ ਅਤੇ ਏ. ਸੀ. ਪੀ. ਦੇਵਰਾਜ ਸਿਮਰਨਜੀਤ ਨੂੰ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਲਿਜਾ ਰਹੇ ਹਨ। ਦੱਸ ਦਈਏ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਵਾਲਮੀਕੀ ਭਾਈਚਾਰੇ ਨੇ ਸਿਮਰਨਜੀਤ ਕੌਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਜਿਸ ਦੌਰਾਨ ਪੰਜਾਬ ਪੁਲਸ ਨੇ 295 ਏ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ।
ਅੱਜ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਲਾਈਵ ਹੋ ਸਿਮਰਨਜੀਤ ਕੌਰ ਨੇ ਵਾਲਮੀਕੀ ਭਾਈਚਾਰੇ ਤੋਂ ਮੁਆਫੀ ਮੰਗੀ ਅਤੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਐਸ. ਐਸ. ਪੀ. ਦਫਤਰ ਮੋਹਾਲੀ ਗ੍ਰਿਫਤਾਰ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲੋ ਅਣਜਾਣੇ 'ਚ ਹੋਈ ਗਲਤੀ ਲਈ ਮੈਂ ਵਾਰ-ਵਾਰ ਮੁਆਫੀ ਮੰਗੀ ਹੈ ਅਤੇ ਅੱਜ ਫਿਰ ਤੋਂ ਦੁਬਾਰਾ ਮੁਆਫੀ ਮੰਗਦੀ ਹਾਂ। ਉਨ੍ਹਾਂ ਕਿਹਾ ਕਿ ਨਾ ਤਾਂ ਜਾਤੀ ਵਾਦ ਮੇਰੇ ਅੰਦਰ ਹੈ ਤੇ ਨਾ ਹੀ ਜਾਤੀਵਾਦ ਮੇਰੇ ਅੰਦਰ ਸੀ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹਾਂ।