ਪੁਰਾਣੀ ਸਬਜ਼ੀ ਮੰਡੀ 'ਚ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ

11/01/2017 5:36:39 AM

ਕਪੂਰਥਲਾ, (ਗੁਰਵਿੰਦਰ ਕੌਰ)- ਸਥਾਈ ਲੋਕ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਦੇ ਮੱਦੇਨਜ਼ਰ ਅੱਜ ਜ਼ਿਲਾ ਪ੍ਰਸ਼ਾਸਨ, ਨਗਰ ਕੌਂਸਲ ਤੇ ਪੁਲਸ-ਪ੍ਰਸ਼ਾਸਨ ਵਲੋਂ ਸਾਂਝੇ ਤੌਰ 'ਤੇ ਪੁਰਾਣੀ ਸਬਜ਼ੀ ਮੰਡੀ 'ਚੋਂ ਜੇ. ਸੀ. ਬੀ. ਮਸ਼ੀਨ ਰਾਹੀਂ ਨਾਜਾਇਜ਼ ਕਬਜ਼ੇ ਹਟਾਏ ਗਏ, ਜਿਸਦੀ ਅਗਵਾਈ ਲੋਕ ਅਦਾਲਤ ਦੇ ਚੇਅਰਮੈਨ ਮੰਜੂ ਰਾਣਾ, ਏ. ਡੀ. ਸੀ. (ਜਨਰਲ) ਰਾਹੁਲ ਚਾਬਾ ਤੇ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਣ ਗੋਇਲ ਨੇ ਕੀਤੀ ਤੇ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਰਾਣੀ ਸਬਜ਼ੀ ਮੰਡੀ 'ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਦੁਪਹਿਰ ਤੋਂ ਸ਼ਾਮ ਤਕ ਚੱਲੇ ਉਪਰੋਕਤ ਮੁਹਿੰਮ ਦੌਰਾਨ ਦੁਕਾਨਦਾਰਾਂ ਤੇ ਲੋਕਾਂ ਵਲੋਂ ਭਾਰੀ ਵਿਰੋਧ ਕਰਨ ਦੇ ਬਾਵਜੂਦ ਵੀ ਪਿਛਲੇ ਲੰਬੇ ਸਮੇਂ ਤੋਂ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੇ ਸਬਜ਼ੀ ਮੰਡੀ 'ਚੋਂ ਨਾਜਾਇਜ਼ ਕਬਜ਼ੇ ਹਟਾਏ ਗਏ। 


ਦੁਕਾਨਦਾਰਾਂ ਪ੍ਰਸ਼ਾਸਨ ਖਿਲਾਫ ਲਾਇਆ ਧਰਨਾ
ਇਸ ਮੌਕੇ ਦੁਕਾਨਦਾਰਾਂ ਵਲੋਂ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਵੀ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਏ ਜਾਣੇ ਹੁੰਦੇ ਹਨ ਤਾਂ ਇਸਦੀ ਸ਼ੁਰੂਆਤ ਹਮੇਸ਼ਾ ਹੀ ਸਬਜ਼ੀ ਮੰਡੀ ਤੋਂ ਕੀਤੀ ਜਾਂਦੀ ਹੈ, ਜਦਕਿ ਪੂਰੇ ਸ਼ਹਿਰ 'ਚ ਕਈ ਥਾਵਾਂ 'ਤੇ ਨਾਜਾਇਜ਼ ਕਬਜ਼ੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣ ਲਈ ਸਮਾਂ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣ ਤੇ ਸ਼ੈੱਡ ਹਟਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਕੁੱਝ ਸਮਾਂ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦਾ ਨੁਕਸਾਨ ਨਾ ਹੋ ਸਕੇ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ ਬਲਦੇਵ ਰਾਜ, ਇੰਸ. ਕੁਲਵੰਤ ਸਿੰਘ, ਪਰਮਜੀਤ ਸਿੰਘ, ਪੀ. ਸੀ. ਆਰ. ਟੀਮ ਦੇ ਇੰਚਾਰਜ ਸੁਰਜੀਤ ਸਿੰਘ ਪੱਤੜ, ਥਾਣਾ ਸਦਰ ਇੰਚਾਰਜ ਪਰਮਿੰਦਰ ਸਿੰਘ, ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ, ਥਾਣਾ ਸਿਟੀ ਦੇ ਇੰਚਾਰਜ ਰਾਮੇਸ਼ਵਰ ਸਿੰਘ, ਥਾਣਾ ਕੋਤਵਾਲੀ ਦੇ ਇੰਚਾਰਜ ਹਰਗੁਰਦੇਵ ਸਿੰਘ ਆਦਿ ਹਾਜ਼ਰ ਸਨ।