ਨਿਸ਼ਚਿਤ ਸਮੇਂ ''ਚ ਆਧਾਰ ਕਾਰਡ ਲਿੰਕ ਨਹੀਂ ਕੀਤਾ ਤਾਂ ਕਈ ਮੁੱਢਲੀਆਂ ਸੇਵਾਵਾਂ ਹੋਣਗੀਆਂ ਰੱਦ

09/29/2017 11:46:03 AM

ਲੁਧਿਆਣਾ (ਖੁਰਾਣਾ) : ਕੇਂਦਰ ਸਰਕਾਰ ਵੱਲੋਂ ਹਰ ਦੇਸ਼ ਵਾਸੀ ਨਾਲ ਜੁੜੀਆਂ ਕਈ ਮੁੱਢਲੀਆਂ ਯੋਜਨਾਵਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਕੀਤਾ ਗਿਆ ਹੈ ਤਾਂ ਕਿ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਹਰ ਇਕ ਯੋਜਨਾ ਦਾ ਲਾਭ ਸਿੱਧੇ ਤੌਰ 'ਤੇ ਉਨ੍ਹਾਂ ਤੱਕ ਪਹੁੰਚ ਸਕੇ, ਜੋ ਕਿ ਸਹੀ ਮਾਇਨਿਆਂ ਵਿਚ ਯੋਜਨਾ ਦੇ ਹੱਕਦਾਰ ਹਨ ਪਰ ਜੇਕਰ ਸਰਕਾਰ ਵਲੋਂ ਨਿਰਧਾਰਤ ਸਮੇਂ ਵਿਚ ਕਿਸੇ ਪਰਿਵਾਰ ਵੱਲੋਂ ਯੋਜਨਾ ਨੂੰ ਅਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਸਬੰਧਤ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਰਕਾਰੀ ਸੇਵਾਵਾਂ ਰੱਦ ਹੋ ਜਾਣਗੀਆਂ, ਜਿਸ ਵਿਚ ਜਿੱਥੇ ਘਰੇਲੂ ਗੈਸ ਸਿਲੰਡਰਾਂ 'ਤੇ ਮਿਲਣ ਵਾਲੀ ਸਬਸਿਡੀ, ਆਟਾ-ਦਾਲ ਯੋਜਨਾ ਦਾ ਲਾਭ, ਬੁਢਾਪਾ ਪੈਨਸ਼ਨ, ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦਿੱਤੀ ਜਾਣ ਵਾਲੀ ਆਰਥਿਕ ਮਦਦ ਆਦਿ ਮੁੱਖ ਤੌਰ 'ਤੇ ਸ਼ਾਮਲ ਹੈ, ਉਥੇ ਮੋਬਾਇਲ ਫੋਨ ਸੇਵਾਵਾਂ, ਪੈਨ ਕਾਰਡ, ਬੈਂਕ ਖਾਤੇ ਆਦਿ ਵੀ ਬਿਨਾਂ ਅਧਾਰ ਕਾਰਡ ਲਿੰਕ ਹੋਣ ਕਾਰਨ ਬੰਦ ਹੋ ਜਾਣਗੇ।
ਹੁਣ ਜੇਕਰ ਗੱਲ ਕੀਤੀ ਜਾਵੇ ਸਰਕਾਰ ਵੱਲੋਂ ਉਕਤ ਸਾਰੀਆਂ ਮੁੱਢਲੀਆਂ ਯੋਜਨਾਵਾਂ ਨਾਲ ਹਰ ਵਿਅਕਤੀ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਮੁਹੱਈਆ ਕਰਵਾਉਂਦੇ ਸਮੇਂ ਤਾਂ ਉਸ ਵਿਚ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਕਈ ਵਾਰ ਬਦਲਾਅ ਕਰਨ ਤੋਂ ਬਾਅਦ ਤਕਰੀਬਨ ਸਾਰੀਆਂ ਯੋਜਨਾਵਾਂ ਵਿਚ ਆਧਾਰ ਕਾਰਡ ਨੂੰ ਜੋੜਨ ਦੀ ਅੰਤਿਮ ਸਮਾਂ ਹੱਦ 31 ਦਸੰਬਰ ਨਿਰਧਾਰਤ ਕੀਤੀ ਹੈ, ਜਦੋਂਕਿ ਇਸ ਤੋਂ ਬਾਅਦ ਉਕਤ ਸਾਰੀਆਂ ਸੇਵਾਵਾਂ ਦਾ ਲਾਭ ਲੈਣ ਵਿਚ ਆਮ ਜਨਤਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਇਥੇ ਦੱਸਣਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਜਿੱਥੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਅੰਤਿਮ ਸਮਾਂ ਹੱਦ ਸਰਕਾਰ ਵੱਲੋਂ 31 ਅਗਸਤ ਤੈਅ ਕੀਤੀ ਗਈ ਸੀ, ਉਹ ਹੁਣ ਵਧਾ ਕੇ 31 ਦਸੰਬਰ ਕਰ ਦਿੱਤੀ ਗਈ ਹੈ। ਨਾਲ ਹੀ ਕਈ ਕਲਿਆਣਕਾਰੀ (ਪਬਲਿਕ ਵੈੱਲਫੇਅਰ) ਯੋਜਨਾਵਾਂ ਦੀ ਜੋ ਤਰੀਕ 30 ਸਤੰਬਰ ਤੋਂ ਅੱਗੇ ਵਧਾਉਂਦੇ ਹੋਏ 31 ਦਸੰਬਰ ਤੱਕ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਨਿਸ਼ਚਿਤ ਕੀਤੀ ਗਈ ਹੈ। ਜਦੋਂਕਿ ਮੋਬਾਇਲ ਫੋਨ ਨੂੰ ਸਿਮ ਕਾਰਡ ਨਾਲ ਫਰਵਰੀ 2018 ਤੱਕ ਨਾ ਜੋੜਨ 'ਤੇ ਗਾਹਕ ਦਾ ਫੋਨ ਡਿਐਕਟੀਵੇਟ ਹੋ ਸਕਦਾ ਹੈ। ਨਾਲ ਹੀ ਬੈਂਕ ਖਾਤੇ ਨੂੰ ਕੇ. ਵਾਈ. ਸੀ. ਯੋਜਨਾ ਤਹਿਤ ਅਪਡੇਟ ਨਾ ਕਰਨ 'ਤੇ 1 ਜੂਨ 2017 ਨੂੰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਹੁਣ ਹਰ ਹਾਲਾਤ ਵਿਚ 31 ਦਸੰਬਰ ਤੱਕ ਜੋੜਨ ਲਈ ਨਿਸ਼ਚਿਤ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਤੁਸੀਂ ਉਕਤ ਸੇਵਾਵਾਂ ਨੂੰ ਆਪਣੇ ਆਧਾਰ ਕਾਰਡ ਨਾਲ ਜੋੜਨ ਦਾ ਕੰਮ ਬੇਹੱਦ ਅਸਾਨੀ ਨਾਲ ਮੋਬਾਇਲ ਫੋਨ ਰਾਹੀਂ ਘਰ ਬੈਠੇ ਵੀ ਕਰ ਸਕਦੇ ਹੋ, ਜਿਸ ਦੇ ਲਈ ਤੁਹਾਨੂੰ ਆਪਣੇ ਫੋਨ ਤੋਂ ਕੈਪੀਟਨ ਅੱਖਰਾਂ ਵਿੱਚ ਯੂ. ਆਈ. ਡੀ. ਪੀ. ਏ. ਐੱਨ. ਤੋਂ ਬਾਅਦ ਸਪੇਸ ਛੱਡ ਕੇ ਆਪਣਾ ਅਧਾਰ ਕਾਰਡ ਨੰਬਰ ਲਿਖ ਕੇ 567678 ਜਾਂ 56161 'ਤੇ ਐੱਸ. ਐੱਮ. ਐੱਸ. ਭੇਜਣਾ ਹੋਵੇਗਾ। ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਵੀ ਇਨ੍ਹਾਂ ਨੂੰ ਆਪਸ ਵਿਚ ਜੋੜਿਆ ਜਾ ਸਕਦਾ ਹੈ। ਨਾਲ ਹੀ ਖਾਤੇ ਨਾਲ ਆਧਾਰ ਕਾਰਡ ਲਿੰਕ ਕਰਨ ਦੇ ਮਾਮਲੇ ਵਿਚ ਤੁਸੀਂ ਆਪਣਾ ਬਿਓਰਾ ਯੂ. ਈ. ਡੀ. ਏ. ਆਈ. ਦੀ ਵਰਤੋਂ ਨਾਲ ਅਸਾਨੀ ਨਾਲ ਦੇਖ ਸਕਦੇ ਹੋ ਕਿ ਤੁਹਾਡਾ ਅਧਾਰ ਨੰਬਰ ਤੁਹਾਡੇ ਖਾਤੇ ਨਾਲ ਜੁੜਿਆ ਹੈ ਜਾਂ ਨਹੀਂ।