ADGP ਰੋਹਿਤ ਚੌਧਰੀ ਨੇ ਗੈਂਗਸਟਰਾਂ ਦੇ ਖਿਲਾਫ ਪੁਲਸ ਨੂੰ ਲਾਮਬੰਦ ਕਰਨ ਲਈ ਦੂਜੇ ਪੜਾਅ ''ਚ ਬੈਠਕਾਂ ਸ਼ੁਰੂ ਕੀਤੀਆਂ

08/04/2017 11:13:53 AM

ਜਲੰਧਰ (ਧਵਨ)—ਪੰਜਾਬ ਦੇ ਵਧੀਕ ਪੁਲਸ ਡਾਇਰੈਕਟਰ ਜਨਰਲ (ਏ. ਡੀ. ਜੀ. ਪੀ. ਕਾਨੂੰਨ ਵਿਵਸਥਾ) ਰੋਹਿਤ ਚੌਧਰੀ ਨੇ ਗੈਂਗਸਟਰਾਂ ਦੇ ਖਿਲਾਫ ਪੁਲਸ ਨੂੰ ਲਾਮਬੰਦ ਕਰਨ ਲਈ ਦੂਜੇ ਪੜਾਅ ਵਿਚ ਜ਼ਿਲਿਆਂ ਵਿਚ ਜਾ ਕੇ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦਾ ਉਹ ਇਸ ਤੋਂ ਪਹਿਲਾਂ ਦੌਰਾ ਪੂਰਾ ਕਰ ਚੁੱਕੇ ਹਨ। ਹੁਣ ਦੂਜੇ ਪੜਾਅ ਵਿਚ ਉਹ ਜ਼ਿਲਿਆਂ ਵਿਚ ਜਾ ਕੇ ਆਲ੍ਹਾ ਪੁਲਸ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਪਿਛਲੇ 5 ਸਾਲਾਂ ਵਿਚ ਹੋਈਆਂ ਅਪਰਾਧਿਕ ਘਟਨਾਵਾਂ ਤੇ ਅਪਰਾਧੀ ਅਨਸਰਾਂ ਦੇ ਰਿਕਾਰਡ ਦੀ ਸਮੀਖਿਆ ਕਰਨਗੇ।
ਸੂਬੇ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਹਿਤ ਚੌਧਰੀ ਨੂੰ ਕਾਨੂੰਨ ਵਿਵਸਥਾ ਦਾ ਮੁਖੀ ਨਿਯੁਕਤ ਕਰਦਿਆਂ ਅਹਿਮ ਜ਼ਿੰਮੇਵਾਰੀ ਸੌਂਪੀ ਸੀ, ਜਿਸ ਤੋਂ ਬਾਅਦ ਉਨ੍ਹਾਂ ਤਤਕਾਲ ਜ਼ਿਲਿਆਂ ਦੇ ਦੌਰੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਅੱਜ ਦੱਸਿਆ ਕਿ ਕੱਲ ਤੇ ਪਰਸੋਂ ਉਹ ਅੰਮ੍ਰਿਤਸਰ ਜ਼ਿਲੇ ਵਿਚ ਰਹਿਣਗੇ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਪਟਿਆਲਾ ਤੇ ਹੋਰ ਜ਼ਿਲਿਆਂ ਵਿਚ ਜਾਣ ਦਾ ਪ੍ਰੋਗਰਾਮ ਹੈ। ਪਹਿਲੇ ਪੜਾਅ ਦੌਰਾਨ ਉਨ੍ਹਾਂ ਸਾਰੇ ਵੱਡੇ ਮਹਾਨਗਰਾਂ ਵਿਚ ਪੁਲਸ ਕਮਿਸ਼ਨਰਾਂ ਤੇ ਐੱਸ.ਐੱਸ. ਪੀਜ਼ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਪਿਛਲੇ 5 ਸਾਲਾਂ ਵਿਚ ਹੋਈਆਂ ਵਾਰਦਾਤਾਂ ਤੇ ਉਨ੍ਹਾਂ ਵਿਚ ਸ਼ਾਮਲ ਅਪਰਾਧੀ ਅਨਸਰਾਂ ਦਾ ਰਿਕਾਰਡ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਉਹ ਖੁਦ ਇਸ ਰਿਕਾਰਡ ਦੀ ਸਮੀਖਿਆ ਕਰਨ ਜਾ ਰਹੇ ਹਨ।
ਰੋਹਿਤ ਚੌਧਰੀ ਨੇ ਕਿਹਾ ਕਿ ਹੁਣ ਉਹ ਫੀਲਡ ਵਿਚ ਜਾ ਕੇ ਪੁਲਸ ਵਲੋਂ ਲਾਏ ਜਾ ਰਹੇ ਨਾਕਿਆਂ ਦੀ ਸਥਿਤੀ ਦਾ ਖੁਦ ਜਾਇਜ਼ਾ ਲੈਣਗੇ। ਇਸ ਨਾਲ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਫੀਲਡ ਵਿਚ ਪੁਲਸ ਦੇ ਪ੍ਰਬੰਧ ਕਿੰਨੇ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਪੁਲਸ ਜਵਾਨਾਂ ਨੂੰ ਮਿਲਣ ਨਾਲ ਉਨ੍ਹਾਂ ਦਾ ਮਨੋਬਲ ਵੀ ਵਧੇਗਾ ਤੇ ਨਾਲ ਹੀ ਉਹ ਉਨ੍ਹਾਂ ਦੀਆਂ ਮੌਕੇ 'ਤੇ ਹੀ ਮੁਸ਼ਕਲਾਂ ਵੀ ਸੁਣਨਗੇ। ਏ. ਡੀ. ਜੀ. ਪੀ. ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਨੂੰ ਵੇਖਦਿਆਂ ਸੂਬੇ ਵਿਚ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਅਪਰਾਧੀ ਅਨਸਰਾਂ 'ਤੇ ਸਖ਼ਤੀ ਨਾਲ ਕਾਬੂ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਪੁਲਸ ਪਬਲਿਕ ਤਾਲਮੇਲ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਉਹ ਇਹ ਦੇਖਣਗੇ ਕਿ ਇਨ੍ਹਾਂ ਤਾਲਮੇਲ ਕਮੇਟੀਆਂ ਦਾ ਗਠਨ ਹੋ ਚੁੱਕਾ ਹੈ ਜਾਂ ਨਹੀਂ ਕਿਉਂਕਿ ਪੁਲਸ ਨੂੰ ਅਪਰਾਧੀ ਅਨਸਰਾਂ ਬਾਰੇ ਸਭ ਤੋਂ ਅਹਿਮ ਜਾਣਕਾਰੀਆਂ ਜਨਤਾ ਤੋਂ ਹੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿਚ ਪੁਲਸ ਅਧਿਕਾਰੀਆਂ ਕੋਲੋਂ ਉਨ੍ਹਾਂ ਦੇ ਇਲਾਕਿਆਂ ਵਿਚ ਅਪਰਾਧਿਕ ਘਟਨਾਵਾਂ ਬਾਰੇ ਜਾਣਕਾਰੀ ਲਈ ਜਾਵੇਗੀ। ਪੁਲਸ ਅਧਿਕਾਰੀਆਂ ਕੋਲੋਂ ਮਿਲਣ ਵਾਲੀ ਰਿਪੋਰਟ ਸਰਕਾਰ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੇ ਜਵਾਬਦੇਹੀ ਨੂੰ ਤੈਅ ਕਰਨ ਦੇ ਉਦੇਸ਼ ਨਾਲ ਉਹ ਦੂਜੇ ਪੜਾਅ ਵਿਚ ਵੀ ਸੂਬੇ ਦੇ ਸਾਰਿਆਂ ਜ਼ਿਲਿਆਂ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ  ਆ ਗਿਆ ਹੈ ਜਦੋਂ ਸੂਬੇ ਨੂੰ ਗੈਂਗਸਟਰਾਂ ਤੇ ਅਪਰਾਧੀ ਅਨਸਰਾਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਵੇ।  ਸਨੈਚਿੰਗ ਦੀਆਂ ਪਿਛਲੇ ਕੁਝ ਸਾਲਾਂ ਤੋਂ ਹੋਈਆਂ ਘਟਨਾਵਾਂ ਵਿਚ ਸ਼ਾਮਲ ਦੋਸ਼ੀਆਂ ਦੇ ਰਿਕਾਰਡ ਦੀ ਵੀ ਪੂਰੀ ਛਾਣਬੀਣ ਕੀਤੀ ਜਾਵੇਗੀ।