ਆਦਮਪੁਰ ਏਅਰਪੋਰਟ ਦੀ ਸੁਰੱਖਿਆ ਪੰਜਾਬ ਪੁਲਸ ਲਈ ਵੱਡੀ ਚੁਣੌਤੀ, ਸਾਹਮਣੇ ਆਈਆਂ ਕਈ ਖਾਮੀਆਂ

05/05/2018 1:47:15 PM

ਜਲੰਧਰ (ਅਮਿਤ)— ਦੋਆਬਾ ਅਤੇ ਆਸ-ਪਾਸ ਦੀ ਜਨਤਾ ਨੂੰ ਮਿਲੇ ਅਨਮੋਲ ਤੋਹਫੇ ਦੀ ਸੁਰੱਖਿਆ ਦਾ ਸਾਰਾ ਜ਼ਿੰਮਾ ਪੰਜਾਬ ਪੁਲਸ ਦੇ ਹੱਥਾਂ 'ਚ ਹੈ ਅਤੇ ਇਹ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੈ। ਏਅਰਪੋਰਟ ਦੀ ਸ਼ੁਰੂਆਤ ਦੇ ਦੋ ਦਿਨਾਂ 'ਚ ਹੀ ਕਈ ਇਸ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਸੁਧਾਰਿਆ ਨਹੀਂ ਗਿਆ ਤਾਂ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਉਦਘਾਟਨ ਸਮਾਰੋਹ ਵਾਲੇ ਦਿਨ ਜਿਸ ਤਰ੍ਹਾਂ ਸੁਰੱਖਿਆ ਨਾਲ ਸਮਝੌਤਾ ਕਰਕੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਬਿਨਾਂ ਕਿਸੇ ਸੁਰੱਖਿਆ ਜਾਂਚ ਦੇ ਜਿਸ ਤਰ੍ਹਾਂ ਦਾਖਲਾ ਦਿੱਤਾ ਗਿਆ, ਉਹ ਆਪਣੇ-ਆਪ 'ਚ ਸਾਬਿਤ ਕਰਦਾ ਹੈ ਕਿ ਪੁਲਸ ਕਰਮਚਾਰੀਆਂ ਉਪਰ ਕਿੰਨਾ ਦਬਾਅ ਹੈ। ਜੇਕਰ ਇਹ ਦਬਾਅ ਭਵਿੱਖ 'ਚ ਵੀ ਬਣਿਆ ਰਹਿੰਦਾ ਹੈ ਤਾਂ ਏਅਰਪੋਰਟ ਦੀ ਸੁਰਖਿਆ ਵੀ ਦਾਅ 'ਤੇ ਲੱਗ ਸਕਦੀ ਹੈ। ਬੀਤੇ ਦਿਨੀਂ ਏਅਰਪੋਰਟ ਕੰਪਲੈਕਸ 'ਚ ਆ ਕੇ ਲਗਭਗ ਇਕ ਘੰਟਾ ਤੱਕ ਹੰਗਾਮਾ ਕਰਨ ਵਾਲੇ ਵਿਅਕਤੀ ਦੇ ਮਾਮਲੇ ਵਿਚ ਵੀ ਪੁਲਸ ਦੀ ਭਾਰੀ ਗਲਤੀ ਸਾਹਮਣੇ ਆ ਰਹੀ ਹੈ। 
ਜਾਣਕਾਰੀ ਅਨੁਸਾਰ ਉਕਤ ਵਿਅਕਤੀ ਜਿਸਦੇ ਕੋਲ ਕੋਈ ਏਅਰ-ਟਿਕਟ ਹੀ ਨਹੀਂ ਸੀ ਅਤੇ ਕਿਰਾਏ ਦੀ ਇਨੋਵਾ ਗੱਡੀ ਵਿਚ ਆਇਆ ਸੀ, ਉਸ ਨੂੰ ਜਦ ਏਅਰਪੋਰਟ ਦੇ ਸਾਹਮਣੇ ਸਭ ਤੋਂ ਪਹਿਲਾਂ ਐਂਟਰੀ ਗੇਟ 'ਤੇ ਰੋਕਿਆ ਗਿਆ ਤਾਂ ਉਸਨੇ ਫਰਾਟੇਦਾਰ ਅੰਗਰੇਜ਼ੀ ਬੋਲਦੇ ਹੋਏ ਅੰਦਰ ਦਾਖਲਾ ਕਰ ਲਿਆ। ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਗੇਟ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਸਿਰਫ ਉਸ ਦੇ ਇਹ ਕਹਿਣ ਨਾਲ ਕਿ ਮੈਨੂੰ ਜਲਦੀ ਜਾਣ ਦਿਓ ਮੇਰੀ ਫਲਾਈਟ ਨਿਕਲ ਜਾਵੇਗੀ ਉਸਦੀ ਟਿਕਟ ਬਿਨਾਂ ਚੈੱਕ ਕੀਤੇ ਦਾਖਲ ਹੋਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ? ਜਾਣਕਾਰਾਂ ਦੀ ਮੰਨੀਏ ਤਾਂ ਜਦੋਂ ਉਕਤ ਵਿਅਕਤੀ ਹੰਗਾਮਾ ਕਰ ਰਿਹਾ ਸੀ ਤਾਂ ਇਕ ਪੁਲਸ ਕਰਮਚਾਰੀ ਭੱਜਿਆ-ਭੱਜਿਆ ਆਇਆ ਅਤੇ ਕਹਿਣ ਲੱਗਾ ਕਿ ਉਹ ਜ਼ਬਰਦਸਤੀ ਅੰਦਰ ਆਇਆ ਹੈ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਮੰਨਿਆ। ਸੋਚਣ ਵਾਲੀ ਗੱਲ ਹੈ ਕਿ ਸੁਰੱਖਿਆ ਕਰਮਚਾਰੀ ਕਿਵੇਂ ਕਿਸੇ ਨੂੰ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇ ਸਕਦਾ ਹੈ? ਇਸ ਤਰ੍ਹਾਂ ਕੋਈ ਵੀ ਐਂਟਰੀ ਗੇਟ ਤੋਂ ਪ੍ਰਵੇਸ਼ ਕਰ ਸਕਦਾ ਹੈ ਅਤੇ ਕਿਸੇ ਪ੍ਰਕਾਰ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਸਕਦਾ ਹੈ। 
ਆਦਮਪੁਰ ਏਅਰਬੇਸ, ਜਿਸ ਨੂੰ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਦੇਸ਼ 'ਚ ਇਸ ਦਾ ਆਪਣਾ ਮਹੱਤਵ ਹੈ। ਉਸ ਨਾਲ ਬਣੇ ਸਿਵਲ ਏਅਰਪੋਰਟ ਤੱਕ ਜੇਕਰ ਕੋਈ ਵੀ ਵਿਅਕਤੀ ਕਿਸੇ ਪੁਲਸ ਕਰਮਚਾਰੀ ਦੀ ਲਾਪ੍ਰਵਾਹੀ ਕਾਰਨ ਅੰਦਰ ਜਾ ਸਕਦਾ ਹੈ ਤਾਂ ਉਹ ਬੇਹੱਦ ਗੰਭੀਰ ਅਤੇ ਚਿੰਤਾਜਨਕ ਗੱਲ ਹੈ। ਇਸ ਨੂੰ ਲੈ ਕੇ ਬਿਨਾਂ ਕੋਈ ਸਮਾਂ ਗਵਾਏ ਆਤਮਮੰਥਨ ਕਰਨ ਦੀ ਜ਼ਰੂਰਤ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੋਕਲ ਪੁਲਸ ਕਰਮਚਾਰੀਆਂ ਦੇ ਡਿਊਟੀ 'ਤੇ ਤਾਇਨਾਤ ਹੋਣ ਦੀ ਵਜ੍ਹਾ ਨਾਲ ਉਹ ਨੇਤਾਵਾਂ ਦੇ ਦਬਾਅ 'ਚ ਆ ਸਕਦੇ ਹਨ ਅਤੇ ਨਿਯਮਾਂ ਦੇ ਵਿਰੁੱਧ ਕੰਮ ਕਰਨ ਦੀ ਖੁੱਲ੍ਹ ਵੀ ਦੇ ਸਕਦੇ ਹਨ, ਜਿਸ ਨਾਲ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਦਾਅ 'ਤੇ ਲੱਗ ਸਕਦੀ ਹੈ। ਇਸ 'ਚ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਬੇਹੱਦ ਸਖਤੀ ਨਾਲ ਇਸ ਗੱਲ ਨੂੰ ਨਿਸ਼ਚਤ ਕਰਨਾ ਹੋਵੇਗਾ ਕਿ ਸਖਤ ਸੁਰੱਖਿਆ ਜਾਂਚ ਦੇ ਬਿਨਾਂ ਕੋਈ ਵੀ ਵਿਅਕਤੀ ਏਅਰਪੋਰਟ ਦੇ ਅੰਦਰ ਪ੍ਰਵੇਸ਼ ਨਾ ਕਰ ਸਕੇ।
ਕੰਧਾਰ ਹਾਈਜੈਕ ਦੇ ਬਾਅਦ ਭਾਰਤ ਵਿਚ ਏਅਰਪੋਰਟਾਂ ਦੀ ਸੁਰੱਖਿਆ ਕੀਤੀ ਗਈ ਮਜ਼ਬੂਤ
1999 ਵਿਚ ਹੋਏ ਕੰਧਾਰ ਹਵਾਈ ਜਹਾਜ਼ ਹਾਈਜੈਕ ਤੋਂ ਬਾਅਦ ਪੂਰੇ ਭਾਰਤ ਵਿਚ ਹਵਾਈ ਅੱਡਿਆਂ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਗਈ। ਸੀ. ਆਈ. ਐੱਸ. ਐੱਫ. (ਸੈਂਟਲ ਇੰਡੀਸਟਰੀਅਲ ਸਕਿਓਰਿਟੀ ਫੋਰਸ) ਜੋ ਕਿ ਅਰਧ-ਸੈਨਿਕ ਬਲ ਹੈ ਉਸ ਦੀ ਤਾਇਨਾਤੀ ਸਾਰੇ ਹਵਾਈ ਅੱਡਿਆਂ 'ਤੇ ਕੀਤੀ ਗਈ ਹੈ। ਸੀ. ਆਈ. ਐੱਸ. ਐੱਫ. ਸਿੱਧੇ ਤੌਰ 'ਤੇ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਸਿਵਲ ਐਵੀਏਸ਼ਨ ਮੰਤਰਾਲੇ) ਦੇ ਰੈਗੂਲੇਟਰੀ ਫਰੇਮਵਰਕ ਵਿਚ ਕੰਮ ਕਰਦੀ ਹੈ ਪਰ ਹਵਾਈ ਅੱਡੇ ਨੂੰ ਏ. ਪੀ. ਐੱਸ. ਯੂ. (ਏਅਰਪੋਰਟ ਸਕਿਓਰਿਟੀ ਯੂਨਿਟ) ਜੋ ਕਿ ਨਾਜਾਇਜ਼ ਦਖਲਅੰਦਾਜ਼ੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਪ੍ਰਸਿੱਧ ਹੈ, ਪ੍ਰਦਾਨ ਕੀਤੇ ਗਏ ਹਨ। ਇਸਦੇ ਇਲਾਵਾ ਘਰੇਲੂ ਉਡਾਣ ਕੰਪਨੀਆਂ ਦੀ ਆਪਣੀ ਨਿੱਜੀ ਸੁਰੱਖਿਆ ਵਿਵਸਥਾ ਵੀ ਹੁੰਦੀ ਹੈ।