ਟਰੱਕ ''ਚ ਵੱਜਣ ਨਾਲ ਐਕਟਿਵਾ ਸਵਾਰ ਜ਼ਖਮੀ

02/18/2018 1:03:34 AM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਰੂਪਨਗਰ-ਨੰਗਲ ਮੁੱਖ ਸੜਕ ਵਾਲੇ ਚੌਕ ਤੋਂ ਅਤੇ ਬੱਸ ਸਟੈਂਡ ਦੇ ਕੋਲੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵੱਲ ਜਾਂਦਾ ਰਸਤਾ ਨਿੱਤ ਦਿਹਾੜੇ ਹੁੰਦੇ ਹਾਦਸਿਆਂ ਕਾਰਨ ਲੋਕਾਂ ਲਈ ਮੌਤ ਦਾ ਖੂਹ ਬਣਿਆ ਹੋਇਆ ਹੈ। 
ਅੱਜ ਵੀ ਇਸ ਚੌਕ ਵਿਚ ਇਕ ਐਕਟਿਵਾ ਸਵਾਰ ਸੜਕ ਤੋਂ ਜਾ ਰਹੇ ਟਰੱਕ 'ਚ ਜਾ ਵੱਜਾ, ਜਿਸ ਕਾਰਨ ਐਕਟਿਵਾ ਸਵਾਰ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਐਕਟਿਵਾ ਟਰੱਕ ਹੇਠਾਂ ਵੜ ਗਈ। ਐਕਟਿਵਾ ਨੂੰ ਆਲੇ-ਦੁਆਲੇ ਦੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਟਰੱਕ ਦੇ ਥੱਲਿਓਂ ਕੱਢਿਆ।
ਚੌਕ 'ਚ ਨਾ ਹੀ ਲਾਈਟਾਂ, ਨਾ ਕੋਈ ਟ੍ਰੈਫਿਕ ਮੁਲਾਜ਼ਮ : ਸ਼ਹਿਰ ਤੋਂ ਮੁੱਖ ਸੜਕ 'ਤੇ ਜਾਣ ਵੇਲੇ ਜਾਂ ਮੁੱਖ ਸੜਕ ਤੋਂ ਸ਼ਹਿਰ ਵੱਲ ਨੂੰ ਆਉਣ ਵੇਲੇ ਹਰ ਰਾਹੀ ਨੂੰ ਇਸ ਚੌਕ ਤੋਂ ਲੰਘਣਾ ਪੈਂਦਾ ਹੈ ਪਰ ਇਸ ਚੌਕ ਵਿਚ ਨਾ ਤਾਂ ਲਾਈਟਾਂ ਲੱਗੀਆਂ ਹੋਈਆਂ ਹਨ ਅਤੇ ਨਾ ਹੀ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਖੜ੍ਹਾ ਹੁੰਦਾ ਹੈ, ਜਿਸ ਕਾਰਨ ਇੱਥੇ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ। 
ਇਸ ਬਾਰੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਲਾਇਨਜ਼ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਿੱਟੂ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਚਰਨ ਕੌਰ, ਪਰਿਆਸ ਕਲਾਂ ਮੰਚ ਦੇ ਪ੍ਰਧਾਨ ਪ੍ਰਿੰ. ਨਿਰੰਜਣ ਸਿੰਘ ਰਾਣਾ, ਐਡਵੋਕੇਟ ਨਿਪੁੰਨ ਸੋਨੀ, ਜਥੇਦਾਰ ਸੰਤੋਖ ਸਿੰਘ, ਸ਼ੈਲੀ ਅਰੋੜਾ, ਗਗਨਦੀਪ ਸਿੰਘ ਅਰੋੜਾ, ਭਾਜਪਾ ਆਗੂ ਕੇ. ਕੇ. ਬੇਦੀ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੌਕ 'ਚ ਲਾਈਟਾਂ ਲਾਈਆਂ ਜਾਣ ਜਾਂ ਇੱਥੇ ਪੱਕੇ ਤੌਰ 'ਤੇ ਟ੍ਰੈਫਿਕ ਮੁਲਾਜ਼ਮ ਖੜ੍ਹੇ ਕੀਤੇ ਜਾਣ।