ਬਿਨਾਂ ਦੱਸੇ ਇਲਾਕੇ 'ਚ ਸਰਚ ਕਰਨ ਗਈ ACP ਨੂੰ 'ਆਪ' ਵਿਧਾਇਕਾ ਨੇ ਪੁੱਛਿਆ ਸਵਾਲ, ਵੀਡੀਓ ਵਾਇਰਲ

07/14/2022 11:38:20 AM

ਲੁਧਿਆਣਾ (ਰਾਜ) : ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੇ ਨਿਰਦੇਸ਼ਾਂ ’ਤੇ ਬੁੱਧਵਾਰ ਨੂੰ ਏ. ਸੀ. ਪੀ. ਜੋਤੀ ਯਾਦਵ ਪੁਲਸ ਫੋਰਸ ਨਾਲ ਸ਼ਿਮਲਾਪੁਰੀ, ਡਾਬਾ ਅਤੇ ਡਵੀਜ਼ਨ ਨੰਬਰ-6 ਦੇ ਇਲਾਕਿਆਂ ’ਚ ਨਸ਼ਿਆਂ ਖ਼ਿਲਾਫ਼ ਸਰਚ ਕਰਨ ਲਈ ਗਈ। ਜਦੋਂ ਇਸ ਗੱਲ ਦਾ ਪਤਾ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ ਲੱਗਾ ਅਤੇ ਉਹ ਮੌਕੇ ’ਤੇ ਪੁੱਜ ਗਏ, ਜਿੱਥੇ ਉਨ੍ਹਾਂ ਨੇ ਏ. ਸੀ. ਪੀ. ਜੋਤੀ ਜਾਦਵ ਨੂੰ ਸਰਚ ਤੋਂ ਰੋਕ ਦਿੱਤਾ ਅਤੇ ਪੁੱਛਿਆ ਕਿ ਉਹ ਕਿਸ ਦੀ ਇਜਾਜ਼ਤ ਨਾਲ ਉਨ੍ਹਾਂ ਦੇ ਇਲਾਕੇ ’ਚ ਸਰਚ ਕਰਨ ਆਈ ਹੈ। ਇਸ ’ਤੇ ਏ. ਸੀ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਸੀ. ਪੀ. ਸਾਹਿਬ ਨੇ ਭੇਜਿਆ ਹੈ।

ਇਹ ਵੀ ਪੜ੍ਹੋ : ਮਾਂ ਦੇ ਵਿਯੋਗ ਨੇ ਪੁੱਤ ਨੂੰ ਕੀਤਾ ਹਾਲੋਂ-ਬੇਹਾਲ, ਅਖ਼ੀਰ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ

ਵਿਧਾਇਕਾ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਇਲਾਕੇ 'ਚ ਸਰਚ ਮੁਹਿੰਮ ਚਲਾਉਣੀ ਸੀ ਤਾਂ ਉਸ ਨੂੰ ਵੀ ਨਾਲ ਲੈ ਲੈਂਦੇ। ਵਿਧਾਇਕ ਅਤੇ ਏ. ਸੀ. ਪੀ. ਦਾ ਵਾਦ-ਵਿਵਾਦ ਹੁੰਦੇ ਸਮੇਂ ਕਿਸੇ ਨੇ ਇਸ ਦੀ ਮੋਬਾਇਲ ’ਤੇ ਵੀਡੀਓ ਬਣਾ ਲਈ, ਜੋ ਦੇਖਦੇ ਹੀ ਦੇਖਦੇ ਅੱਗ ਵਾਂਗ ਫੈਲ ਗਈ। ਅਸਲ 'ਚ ਸ਼ਿਮਲਾਪੁਰੀ, ਡਾਬਾ ਅਤੇ ਡਵੀਜ਼ਨ ਨੰਬਰ-6 ਦੇ ਕਈ ਇਲਾਕਿਆਂ ’ਚ ਨਸ਼ਾ ਤਸਕਰੀ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਇਸ ਲਈ ਬੁੱਧਵਾਰ ਨੂੰ ਪੁਲਸ ਕਮਸ਼ਿਨਰ ਡਾ. ਕੌਸਤੁਭ ਸ਼ਰਮਾ, ਜੁਆਇੰਟ ਸੀ. ਪੀ. ਰਵਚਰਨ ਸਿੰਘ ਬਰਾੜ ਅਤੇ ਏ. ਸੀ. ਪੀ. (ਇੰਡਸਟ੍ਰੀਅਲ ਏਰੀਆ-ਬੀ) ਜੋਤੀ ਯਾਦਵ ਦੀ ਅਗਵਾਈ ’ਚ ਕਈ ਥਾਣਿਆਂ ਦੀ ਪੁਲਸ ਫੋਰਸ ਨੇ ਸਰਚ ਮੁਹਿੰਮ ਚਲਾਈ ਸੀ। ਸਰਚ ਤੋਂ ਪਹਿਲਾਂ ਹੋਏ ਰੋਡ ਮਾਰਚ 'ਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੱਧੂ ਵੀ ਸ਼ਾਮਲ ਰਹੇ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਐਲਾਨ : ਪੰਜਾਬ ’ਚ ਜਲਦ ਲਿਆਂਦੀ ਜਾਵੇਗੀ ਹੈਲਥ ਪਾਲਿਸੀ (ਤਸਵੀਰਾਂ)

ਉਨ੍ਹਾਂ ਨਾਲ ਪੁਲਸ ਨੇ ਕਈ ਘਰਾਂ 'ਚ ਸਰਚ ਵੀ ਕੀਤੀ ਸੀ। ਪੁਲਸ ਨੇ ਘਰ-ਘਰ ਚੈਕਿੰਗ ਤੋਂ ਇਲਾਵਾ ਕਈ ਵਾਹਨਾਂ ਦੀ ਵੀ ਚੈਕਿੰਗ ਕੀਤੀ। ਛਾਪੇਮਾਰੀ ਦੌਰਾਨ ਕਈ ਘਰਾਂ ’ਚੋਂ ਪੁਲਸ ਨੂੰ ਇਤਰਾਜ਼ਯੋਗ ਸਮਾਨ ਵੀ ਹੱਥ ਲੱਗਾ। ਪੁਲਸ ਨੇ ਕਈ ਘਰਾਂ ’ਚੋਂ ਅਜਿਹੇ ਵਾਹਨ ਵੀ ਕਬਜ਼ੇ 'ਚ ਲਏ, ਜਿਨ੍ਹਾਂ ਦੇ ਕਾਗਜ਼ ਨਹੀਂ ਸਨ, ਜਿਸ ਤੋਂ ਬਾਅਦ ਸੀ. ਪੀ., ਜੁਆਇੰਟ ਸੀ. ਪੀ. ਅਤੇ ਵਿਧਾਇਕ ਚਲੇ ਗਏ ਸਨ। ਸਿਰਫ ਏ. ਸੀ. ਪੀ. ਜੋਤੀ ਯਾਦਵ ਵੱਖ-ਵੱਖ ਥਾਵਾਂ ’ਤੇ ਸਰਚ ਕਰ ਰਹੀ ਸੀ ਅਤੇ ਸਰਚ ਕਰਦੇ ਹੋਏ ਹਲਕਾ ਦੱਖਣੀ ਦੇ ਇਲਾਕੇ ’ਚ ਪੁੱਜ ਗਈ। ਜਿਉਂ ਹੀ ਆਪਣੇ ਇਲਾਕੇ ’ਚ ਪੁਲਸ ਸਰਚ ਦਾ ਪਤਾ ਲੱਗਾ ਤਾਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਤੁਰੰਤ ਮੌਕੇ ’ਤੇ ਪੁੱਜ ਗਏ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਚੰਨੀ ਸਰਕਾਰ ਵੇਲੇ ਦਾ ਖੇਡ ਕਿੱਟ ਘਪਲਾ ਆਇਆ ਸਾਹਮਣੇ!

ਇਸ ਮਾਮਲੇ ਵਿਚ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪੁਲਸ ਕਿਤੇ ਸਰਚ ਕਰਦੀ ਹੈ ਤਾਂ ਵਿਧਾਇਕ ਤੋਂ ਪੁੱਛਣਾ ਜਾਂ ਦੱਸਣਾ ਜ਼ਰੂਰੀ ਹੈ ਪਰ ਜੇਕਰ ਵਿਧਾਇਕ ਨੂੰ ਨਾਲ ਲੈ ਕੇ ਉਹ ਇਲਾਕੇ ਦੀ ਸਰਚ ਕਰੇ ਤਾਂ ਇਸ ਨਾਲ ਲੋਕਾਂ ਦਾ ਹੌਂਸਲਾ ਵੱਧਦਾ ਹੈ ਤੇ ਜਨਤਾ ਵਿਧਾਇਕ ਦੇ ਸਾਹਮਣੇ ਪੁਲਸ ਨੂੰ ਪੂਰੀ ਸੂਚਨਾ ਦੇ ਸਕਦੇ ਹਨ। ਕਈ ਲੋਕ ਅਜੇ ਵੀ ਪੁਲਸ ਨੂੰ ਸਿੱਧੀ ਸੂਚਨਾ ਦੇਣ ਤੋਂ ਕਤਰਾਉਂਦੇ ਹਨ। ਇਸ ਤੋਂ ਇਲਾਵਾ ਉਕਤ ਪੁਲਸ ਅਧਿਕਾਰੀ ਨਾਲ ਅਜਿਹੀ ਕੋਈ ਗੱਲ ਨਹੀਂ ਹੋਈ ਸੀ। ਪੁਲਸ ਅਧਿਕਾਰੀ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਇਲਾਕਾ ਉਸ ਦਾ ਹੈ। ਇਸ ਲਈ ਗਲਤ-ਫ਼ਹਿਮੀ ਪੈਦਾ ਹੋ ਗਈ ਸੀ। ਉਨ੍ਹਾਂ ਵਲੋਂ ਨਸ਼ੇ ਖ਼ਿਲਾਫ਼ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita